ਪਿੰਡ ਭੁੱਟੀਵਾਲਾ ’ਚ ਇੱਕੋ ਰਾਤ ’ਚ 5 ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ
ਪਿੰਡ ਭੁੱਟੀਵਾਲਾ ’ਚ ਇੱਕੋ ਰਾਤ ’ਚ 5 ਕਿਸਾਨਾਂ ਦੇ ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ
Publish Date: Sun, 07 Jun 2026 03:37 PM (IST)
Updated Date: Sun, 07 Jun 2026 03:38 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਟੀਵਾਲਾ ਵਿਖੇ ਸ਼ਨੀਵਾਰ (6 ਜੂਨ) ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਕਿਸਾਨਾਂ ਦੇ ਖੇਤਾਂ ’ਚ ਲੱਗੇ ਪੰਜ ਟਰਾਂਸਫਾਰਮਰਾਂ ’ਚੋਂ ਤਾਂਬਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਚੋਰ ਟਰਾਂਸਫਾਰਮਰਾਂ ਨੂੰ ਕੱਟ ਕੇ ਅੰਦਰਲਾ ਸਾਮਾਨ ਕੱਢ ਕੇ ਲੈ ਗਏ ਅਤੇ ਖਾਲੀ ਖੋਲ ਖੇਤਾਂ ’ਚ ਹੀ ਸੁੱਟ ਗਏ। ਘਟਨਾ ਦਾ ਪਤਾ ਐਤਵਾਰ ਸਵੇਰੇ ਉਸ ਵੇਲੇ ਲੱਗਾ ਜਦੋਂ ਕਿਸਾਨ ਆਪਣੇ ਖੇਤਾਂ ’ਚ ਗਏ। ਪ੍ਰਭਾਵਿਤ ਕਿਸਾਨਾਂ ਵੱਲੋਂ ਇਸ ਦੀ ਸੂਚਨਾ ਤੁਰੰਤ ਸਬੰਧਿਤ ਪਾਵਰਕਾਮ ਵਿਭਾਗ ਨੂੰ ਦਿੱਤੀ ਗਈ ਹੈ। ਪੀੜ੍ਹਤ ਕਿਸਾਨਾਂ ਗੁਰਮੀਤ ਸਿੰਘ, ਮੋਹਨ ਸਿੰਘ, ਪਾਲ ਸਿੰਘ, ਹਰਜਿੰਦਰ ਸਿੰਘ ਅਤੇ ਨਾਇਬ ਸਿੰਘ ਨੇ ਦੱਸਿਆ ਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਹੁਣ ਪੁਲਿਸ ਜਾਂ ਪਿੰਡ ਵਾਸੀਆਂ ਦਾ ਕੋਈ ਡਰ ਨਹੀਂ ਰਿਹਾ। ਕਿਸਾਨਾਂ ਮੁਤਾਬਕ ਚੋਰਾਂ ਨੇ ਕਿਸਾਨ ਗੁਰਮੀਤ ਸਿੰਘ ਦੇ ਘਰ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸਥਿਤ ਖੇਤ ’ਚ ਲੱਗੇ ਟਰਾਂਸਫਾਰਮਰ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਆਸਾਨੀ ਨਾਲ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਝੋਨੇ ਦਾ ਸੀਜ਼ਨ ਬਿਲਕੁਲ ਸਿਰ ’ਤੇ ਹੈ। ਇਸ ਸਮੇਂ ਖੇਤਾਂ ’ਚ ਮੋਟਰਾਂ ਚਲਾ ਕੇ ਪਾਣੀ ਲਾਉਣਾ ਬੇਹੱਦ ਜ਼ਰੂਰੀ ਹੈ, ਪਰ ਟਰਾਂਸਫਾਰਮਰ ਚੋਰੀ ਹੋਣ ਕਾਰਨ ਸਾਡੀ ਫਸਲ ਅਤੇ ਪਾਣੀ ਦਾ ਪ੍ਰਬੰਧ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਨਾਲ ਸਾਨੂੰ ਭਾਰੀ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀੜ੍ਹਤ ਕਿਸਾਨਾਂ ਨੇ ਪਾਵਰਕਾਮ ਵਿਭਾਗ ਤੋਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੀੜ੍ਹਤ ਕਿਸਾਨਾਂ ਦੇ ਖੇਤਾਂ ’ਚ ਜਲਦੀ ਤੋਂ ਜਲਦੀ ਨਵੇਂ ਟਰਾਂਸਫਾਰਮਰ ਰੱਖੇ ਜਾਣ ਤਾਂ ਜੋ ਖੇਤੀ ਦਾ ਕੰਮ ਪ੍ਰਭਾਵਿਤ ਨਾ ਹੋਵੇ। ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ’ਚ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਨਿੱਤ ਦਿਨ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੋਰਾਂ ਨੂੰ ਜਲਦ ਨੱਥ ਨਾ ਪਾਈ ਗਈ ਅਤੇ ਟਰਾਂਸਫਾਰਮਰ ਨਾ ਬਦਲੇ ਗਏ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।