ਛੇ ਮੋਟਰਾਂ ’ਚੋਂ ਤਾਂਬਾ ਤੇ ਟ੍ਰਾਂਸਫਾਰਮਰਾਂ ’ਚੋਂ ਤੇਲ ਚੋਰੀ
ਛੇ ਮੋਟਰਾਂ ’ਚੋਂ ਤਾਂਬਾ ਤੇ ਟ੍ਰਾਂਸਫਾਰਮਰਾਂ ’ਚੋਂ ਤੇਲ ਚੋਰੀ
Publish Date: Mon, 16 Feb 2026 04:17 PM (IST)
Updated Date: Mon, 16 Feb 2026 04:18 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ. ਦੋਦਾ : ਬੀਤੀ ਰਾਤ ਅਣਪਛਾਤੇ ਚੋਰਾਂ ਨੇ ਕੋਟਭਾਈ ਥਾਣੇ ਅਧੀਨ ਆਉਂਦੇ ਪਿੰਡ ਬਦੀਆਂ ਦੇ ਖੇਤਾਂ ’ਚੋਂ ਛੇ ਟਿਊਬਵੈੱਲ ਮੋਟਰਾਂ ਤੋਂ ਤਾਂਬਾ ਤੇ ਇੱਕ ਟ੍ਰਾਂਸਫਾਰਮਰ ਤੋਂ ਤੇਲ ਚੋਰੀ ਕਰ ਲਿਆ। ਇਸ ਘਟਨਾ ਨਾਲ ਇਲਾਕੇ ਦੇ ਕਿਸਾਨਾਂ ’ਚ ਡਰ ਤੇ ਗੁੱਸੇ ਦਾ ਮਾਹੌਲ ਪੈਦਾ ਹੋ ਗਿਆ ਹੈ। ਕਿਸਾਨ ਬਲਵਿੰਦਰ ਕੁਮਾਰ ਉਰਫ਼ ਮੱਲ, ਮਿੱਠਣ ਲਾਲ ਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਸਵੇਰ ਵੇਲੇ ਆਪਣੀ ਕਣਕ ਦੀ ਫ਼ਸਲ ਨੂੰ ਸਿੰਚਾਈ ਕਰਨ ਲਈ ਆਪਣੇ ਖੇਤਾਂ ’ਚ ਗਏ ਸਨ। ਜਦੋਂ ਉਹ ਟਿਊਬਵੈੱਲਾਂ ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਮੋਟਰਾਂ ਨਾਲ ਛੇੜਛਾੜ ਕੀਤੀ ਗਈ ਸੀ ਤੇ ਤਾਂਬਾ ਗਾਇਬ ਸੀ। ਮੋਟਰਾਂ ਵਾਲੇ ਕਮਰਿਆਂ ਦੇ ਤਾਲੇ ਵੀ ਟੁੱਟੇ ਹੋਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨ ਸ਼ਿੰਗਾਰਾ ਸਿੰਘ, ਪਾਲ ਸਿੰਘ, ਨਛੱਤਰ ਸਿੰਘ ਤੇ ਗੁਰਮੀਤ ਸਿੰਘ ਦੀਆਂ ਟਿਊਬਵੈੱਲ ਮੋਟਰਾਂ ਤੋਂ ਤਾਂਬਾ ਚੋਰੀ ਹੋ ਗਿਆ ਹੈ। ਇਸ ਤੋਂ ਇਲਾਵਾ ਚੋਰਾਂ ਨੇ ਕਿਸਾਨ ਗੁਰਦੀਪ ਸਿੰਘ ਦੇ ਟ੍ਰਾਂਸਫਾਰਮਰ ਤੋਂ ਤੇਲ ਚੋਰੀ ਕਰ ਲਿਆ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਫਸਲਾਂ ਦੀ ਸਿੰਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜੇ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇ ਤੇ ਇਲਾਕੇ ’ਚ ਰਾਤ ਦੀ ਗਸ਼ਤ ਵਧਾਈ ਜਾਵੇ। ਇਸ ਘਟਨਾ ਨੇ ਪਿੰਡ ਦੇ ਕਿਸਾਨਾਂ ’ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਕੋਟਭਾਈ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਹੈ।