ਗੁਰੂਸਰ ਦਾ ਕਬੱਡੀ ਟੂਰਨਾਮੈਂਟ ਵਿਵਾਦ ’ਚ, ਮਾਮਲਾ ਪੁਲਿਸ ਕੋਲ ਪਹੁੰਚਾਇਆ
ਪਿੰਡ ਗੁਰੂਸਰ ’ਚ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਵਿਵਾਦ ਖੜ੍ਹਾ, ਜੇਤੂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਨਾ ਮਿਲਣ ’ਤੇ ਰੋਸ
Publish Date: Mon, 02 Mar 2026 05:07 PM (IST)
Updated Date: Mon, 02 Mar 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪਿੰਡ ਗੁਰੂਸਰ ’ਚ ਨਿੱਜੀ ਤੌਰ ’ਤੇ ਕੁਝ ਵਿਅਕਤੀਆਂ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਟੂਰਨਾਮੈਂਟ ਦੇ ਸਮਾਪਤੀ ਸਮੇਂ ਜਦੋਂ ਜੇਤੂ ਟੀਮਾਂ ਨੂੰ ਇਨਾਮੀ ਰਕਮ ਦੇਣ ਦੀ ਵਾਰੀ ਆਈ ਤਾਂ ਪ੍ਰਬੰਧਕ ਮੌਕੇ ਤੋਂ ਗਾਇਬ ਹੋ ਗਏ ਅਤੇ ਇਨਾਮ ਵਾਲੀ ਰਕਮ ਨਾਲ ਫਰਾਰ ਹੋਣ ਦੇ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਟੂਰਨਾਮੈਂਟ ਲਈ ਪਿੰਡ ਅਤੇ ਇਲਾਕੇ ਦੇ ਲੋਕਾਂ ਤੋਂ ਇਨਾਮੀ ਰਕਮ ਇਕੱਠੀ ਕੀਤੀ ਗਈ ਸੀ, ਪਰ ਜਦੋਂ ਖਿਡਾਰੀਆਂ ਨੂੰ ਇਨਾਮ ਦੇਣ ਦਾ ਸਮਾਂ ਆਇਆ ਤਾਂ ਪ੍ਰਬੰਧਕਾਂ ਨੇ ਕੋਈ ਸੰਪਰਕ ਨਹੀਂ ਕੀਤਾ। ਇਸ ਕਾਰਨ ਜੇਤੂ ਅਤੇ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਨਾਰਾਜ਼ਗੀ ਫੈਲ ਗਈ ਅਤੇ ਦੇਰ ਰਾਤ ਕਈ ਖਿਡਾਰੀ ਇਨਾਮੀ ਰਕਮ ਦੀ ਮੰਗ ਕਰਦੇ ਹੋਏ ਮੁੱਖ ਪ੍ਰਬੰਧਕ ਦੇ ਘਰ ਬਾਹਰ ਇਕੱਠੇ ਹੋ ਗਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਗੁਰੂਸਰ ਦੀ ਪੰਚਾਇਤ ਨੇ ਇਕ ਮਤਾ ਪਾਸ ਕਰਕੇ ਦੋਸ਼ੀ ਕਥਿਤ ਤੌਰ ਤੇ ਹੈਪੀ ਸਿੰਘ ਸਮੇਤ ਹੋਰ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੰਚਾਇਤ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਕਬੱਡੀ ਟੂਰਨਾਮੈਂਟ ਦੇ ਨਾਮ ’ਤੇ ਉਗਰਾਹੀ ਕੀਤੀ ਅਤੇ ਖਿਡਾਰੀਆਂ ਨਾਲ ਧੋਖਾ ਕੀਤਾ ਹੈ, ਜੋ ਕਿ ਪਿੰਡ ਦੀ ਇਜ਼ਤ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਹੈ। ਪੰਚਾਇਤ ਅਤੇ ਖਿਡਾਰੀਆਂ ਵੱਲੋਂ ਇਸ ਸਬੰਧੀ ਗਿੱਦੜਬਾਹਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਘਟਨਾ ਸਮੁੱਚੇ ਨਗਰ ਲਈ ਨਮੋਸ਼ੀ ਵਾਲੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਪੰਚਾਇਤ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਉਹ ਖਿਡਾਰੀਆਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨਾਲ ਨਿਆਂ ਕਰਵਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।