ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਸੜਕ ਬਣਨੀ ਹੋਈ ਸ਼ੁਰੂ
ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਸੜਕ ਬਣਨੀ ਹੋਈ ਸ਼ੁਰੂ, ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ
Publish Date: Thu, 16 Apr 2026 05:12 PM (IST)
Updated Date: Fri, 17 Apr 2026 04:07 AM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ (ਵਾਇਆ ਪੰਨੀਵਾਲਾ) ਮੁੱਖ ਸੜਕ, ਜੋ ਲੰਮੇ ਸਮੇਂ ਤੋਂ ਊਠ ਦੇ ਬੁੱਲ੍ਹ ਵਾਂਗ ਲਟਕਦੀ ਆ ਰਹੀ ਸੀ, ਦਾ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਖਸਤਾ ਹਾਲ ਸੜਕ ਕਾਰਨ ਪਿੰਡਾਂ ਦੇ ਲੋਕ ਲੰਮੇ ਸਮੇਂ ਤੋਂ ਮੰਤਰੀਆਂ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾ ਰਹੇ ਸਨ। ਸੜਕ ਵਿੱਚ ਪਏ ਡੂੰਘੇ ਟੋਇਆਂ ਕਾਰਨ ਜਿੱਥੇ ਵਾਹਨਾਂ ਦਾ ਨੁਕਸਾਨ ਹੁੰਦਾ ਸੀ, ਉੱਥੇ ਹੀ ਆਏ ਦਿਨ ਬੱਸਾਂ ਤੇ ਟਰੱਕ ਪਲਟਣ ਕਾਰਨ ਹਾਦਸੇ ਵਾਪਰਦੇ ਰਹਿੰਦੇ ਸਨ। ਹਾਲਤ ਇਹ ਸੀ ਕਿ ਅੱਧੇ ਘੰਟੇ ਦਾ ਸਫ਼ਰ ਤੈਅ ਕਰਨ ਲਈ ਤਕਰੀਬਨ ਡੇਢ ਘੰਟਾ ਲੱਗ ਜਾਂਦਾ ਸੀ। ਸੜਕ ਦਾ ਕੰਮ ਸ਼ੁਰੂ ਹੋਣ ’ਤੇ ਪਿੰਡ ਰਹੂੜਿਆਂ ਵਾਲੀ, ਮਹਾਂਬੱਧਰ, ਚਿੱਬੜਾਂਵਾਲੀ, ਸ਼ੇਰੇਵਾਲਾ, ਬਾਮ, ਉੜਾਂਗ, ਪੰਨੀਵਾਲਾ ਫੱਤਾ, ਮੋਹਲਾਂ ਅਤੇ ਰੱਤਾ ਟਿੱਬਾ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਲੋਕਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ ਜਥੇ. ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਧੰਨਵਾਦ ਕਰਦਿਆਂ ਵਧਾਈ ਦਿੱਤੀ ਹੈ। -ਸੜਕ ਬਣਨ ਨਾਲ ਕਾਫੀ ਮੁਸ਼ਕਲਾਂ ਹੱਲ ਹੋ ਜਾਣਗੀਆਂ- ਸੰਜੋਤ ਸਿੰਘ ਸਰਪੰਚ ਰੱਤਾ ਟਿੱਬਾ ਨੇ ਕਿਹਾ ਕਿ ਇਹ ਸੜਕ ਬਣਨ ਨਾਲ ਪਿੰਡਾਂ ਦਾ ਵੱਡਾ ਮਸਲਾ ਹੱਲ ਹੋ ਗਿਆ ਹੈ ਕਿਉਂਕਿ ਇਹ ਸੜਕ ਬਣਨੀ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਹੋਣ ਕਾਰਨ ਅਤੇ ਇਤਿਹਾਸਕ ਗੁਰਦੁਆਰੇ ਹੋਣ ਕਾਰਨ ਲੋਕਾਂ ਨੂੰ ਆਮ ਹੀ ਸ੍ਰੀ ਮੁਕਤਸਰ ਸਾਹਿਬ ਜਾਣਾ ਪੈਂਦਾ ਹੈ ਸ੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਯਾਦ ’ਚ ਪਹਿਲੀ ਮਾਘ ਨੂੰ ਇਤਿਹਾਸਕ ਮੇਲਾ ਲੱਗਦਾ ਹੈ ਅਤੇ ਲੋਕ ਦੂਜੇ ਸੂਬਿਆਂ ਤੋਂ ਨਤਮਸਤਕ ਹੋਣ ਲਈ ਆਉਂਦੇ ਹਨ, ਇਸ ਲਈ ਇਹ ਸੜਕ ਬਣਨ ਨਾਲ ਕਾਫੀ ਮੁਸ਼ਕਲਾਂ ਹੱਲ ਹੋ ਜਾਣਗੀਆਂ। -ਸੜਕ ਬਣਨ ਨਾਲ ਅਥਾਹ ਖੁਸ਼ੀ ਹੋਈ- ਸਰਵਣ ਸਿੰਘ ਸਰਪੰਚ ਪਿੰਡ ਮਿੱਡਾ ਨੇ ਕਿਹਾ ਕਿ ਸਾਡੇ ਪਿੰਡਾਂ ਦੇ ਸਾਰੇ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਹਨ ਕਿਉਂਕਿ ਸਾਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਅਤੇ ਸਾਨੂੰ ਸਾਡੇ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵੇਲੇ ਵੀ ਇਹ ਸੜਕ ਉੱਤੋਂ ਦੀ ਜਾਣਾ ਪੈਂਦਾ ਹੈ ਪਰ ਸੜਕ ਖਰਾਬ ਹੋਣ ਕਾਰਨ ਸਾਨੂੰ ਬੜੀ ਵੱਡੀ ਸਮੱਸਿਆ ਆ ਰਹੀ ਸੀ ਪਰ ਹੁਣ ਸੜਕ ਬਣਨ ਨਾਲ ਸਾਨੂੰ ਅਥਾਹ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਹਲਕਾ ਮੁਕਤਸਰ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਤਹਿ ਦਿਲੋਂ ਧੰਨਵਾਦ ਕੀਤਾ। -ਮਿਆਰੀ ਕੰਮ ਲਈ ਲੋਕ ਖੁਦ ਕਰਨ ਨਿਗਰਾਨੀ : ਜਥੇਦਾਰ ਖੁੱਡੀਆਂ ਇਸ ਸਬੰਧੀ ਜਦੋਂ ਕੈਬਨਿਟ ਮੰਤਰੀ ਜਥੇ. ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਇਹ ਪ੍ਰਾਜੈਕਟ ਰੁਕਿਆ ਹੋਇਆ ਸੀ, ਜਿਸ ਨੂੰ ਹੁਣ ਮਿਹਨਤ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਦੀ ਖੁਦ ਨਿਗਰਾਨੀ ਕਰਨ। ਉਨ੍ਹਾਂ ਕਿਹਾ ਅਸੀਂ ਠੇਕੇਦਾਰ ਅਤੇ ਪੀਡਬਲਯੂਡੀ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ, ਪਰ ਲੋਕਾਂ ਦਾ ਜਾਗਰੂਕ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਸੜਕ ਮਿਆਰੀ ਬਣ ਸਕੇ। ਦੂਜੇ ਪਾਸੇ, ਸਬੰਧਤ ਠੇਕੇਦਾਰ ਨੇ ਵੀ ਭਰੋਸਾ ਦਿੱਤਾ ਹੈ ਕਿ ਸੜਕ ਦਾ ਨਿਰਮਾਣ ਕਾਰਜ ਜਲਦੀ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕਰ ਲਿਆ ਜਾਵੇਗਾ।