ਠੰਢ ਨੇ ਖੋਹਿਆ ਗ਼ਰੀਬਾਂ ਦਾ ਰੁਜ਼ਗਾਰ, ਧੂਣੀਆਂ ਬਾਲਣ ਲਈ ਮਜ਼ਬੂਰ ਮਜ਼ਦੂਰ
ਠੰਡ ਨੇ ਖੋਹਿਆ ਗਰੀਬਾਂ ਦਾ ਰੁਜਗਾਰ, ਧੂਣੀਆਂ ਬਾਲਣ ਲਈ ਮਜ਼ਬੂਰ
Publish Date: Fri, 02 Jan 2026 04:07 PM (IST)
Updated Date: Fri, 02 Jan 2026 04:08 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ’ਚ ਮੌਸਮ ਨੇ ਕਰਵਟ ਬਦਲੀ ਹੈ ਅਤੇ ਠੰਢ ਨੇ ਜ਼ੋਰ ਫੜ ਲਿਆ ਹੈ। ਤਕਰੀਬਨ ਤਿੰਨ ਦਿਨ ਤੋਂ ਠੰਢ ਦੇ ਨਾਲ ਬੂੰਦਾਂ-ਬੰਦੀ ਵੀ ਸ਼ੁਰੂ ਹੋ ਗਈ ਹੈ ਅਤੇ ਗ਼ਰੀਬ ਲੋਕ ਵੇਹਲੇ ਹੋ ਗਏ ਹਨ ਅਤੇ ਜਗ੍ਹਾ-ਜਗ੍ਹਾ ’ਤੇ ਧੂਣੀਆਂ ਬਾਲ ਕੇ ਸੇਕ ਰਹੇ ਹਨ। ਧੂਣੀ ਬਾਲ ਕੇ ਸੇਕ ਰਹੇ ਚਰਨਾਂ ਸਿੰਘ ਨੇ ਦੱਸਿਆ ਕਿ ਮਨਰੇਗਾ ਦਾ ਕੰਮ ਤਾਂ ਪਹਿਲਾਂ ਹੀ ਬੰਦ ਹੋਇਆ ਪਿਆ ਹੈ ਅਤੇ ਥੋੜਾ ਬਹੁਤਾ ਦਿਹਾੜੀ ਦੱਪਾ ਕਰ ਕੇ ਘਰ ਚਲਾਉਂਦੇ ਸੀ ਪਰ ਹੁਣ ਤਾਂ ਠੰਢ ਤੇ ਬਾਰਿਸ਼ ਕਾਰਨ ਕੰਮ ਬੰਦ ਹੋ ਗਿਆ ਹੈ ਅਤੇ ਸਾਰਾ ਪਰਿਵਾਰ ਵਿਹਲੇ ਬਹਿ ਕੇ ਖਾਣ ਲਈ ਮਜ਼ਬੂਰ ਹੋ ਗਏ ਹਾਂ। ਅਸੀਂ ਤਾਂ ਜੋ ਕਮਾਉਣਾ ਹੈ ਉਹ ਹੀ ਖਾਣਾ ਹੈ। ਉਸਨੇ ਕਿਹਾ ਕਿ ਬਾਹਰੋਂ ਲੱਕੜਾਂ ਲਿਆ ਕੇ ਚੁੱਲ੍ਹਾ ਤਪਾਉਂਦੇ ਸੀ। ਪਰ ਹੁਣ ਤਾਂ ਲੱਕੜਾਂ ਵੀ ਗਿੱਲੀਆਂ ਹੋ ਗਈਆਂ ਹਨ ਅਤੇ ਸਲੰਡਰ ਭਰਉਣ ਜੋਗੇ ਪੈਸੇ ਨਹੀਂ ਹਨ, ਵਿੱਚੋਂ ਹੀ ਸੰਦੀਪ ਸਿੰਘ ਨੇ ਟੋਕਦਿਆਂ ਕਿਹਾ ਕਿ ਅਸੀਂ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੇ ਸੀ ਪਰ ਹੁਣ ਬੂੰਦਾਂ ਬਾਂਦੀ ਹੋਣ ਕਾਰਨ ਨਾ ਤਾਂ ਸਬਜੀ ਲਿਆ ਸਕਦੇ ਹਾਂ ਤੇ ਨਾ ਹੀ ਵੇਚ ਸਕਦੇ ਹਾਂ। ਸਾਡਾ ਰੁਜ਼ਗਾਰ ਤਾਂ ਬਿਲਕੁਲ ਹੀ ਠੱਪ ਹੋ ਗਿਆ ਹੈ, ਕੋਲ ਬੈਠੇ ਏਕਮ ਸਿੰਘ ਨੇ ਕਿਹਾ ਕਿ ਮਿਸਤਰੀਆਂ ਨਾਲ ਦਿਹਾੜੀ ਬਣ ਜਾਂਦੀ ਸੀ ਪਰ ਹੁਣ ਬੂੰਦਾ ਬਾਂਦੀ ਹੋਣ ਕਾਰਨ ਮਿਸਤਰੀਆਂ ਨੇ ਵੀ ਕੰਮ ਬੰਦ ਕਰ ਦਿੱਤਾ ਹੈ ਜਿਸ ਕਾਰਨ ਸਾਡਾ ਰੁਜ਼ਗਾਰ ਵੀ ਠੱਪ ਹੋ ਗਿਆ। ਮਨਦੀਪ ਸਿੰਘ ਦਾ ਕਹਿਣਾ ਸੀ ਕਿ ਖੇਤਾਂ ਵਿੱਚੋਂ ਪੱਠੇ ਖੋਤ ਕੇ ਪਸ਼ੂਆਂ ਨੂੰ ਪਾਉਂਦੇ ਸੀ ਅਤੇ ਪਸ਼ੂਆਂ ਨੂੰ ਚਾਰਨ ਵੀ ਲੈ ਜਾਂਦੇ ਸੀ। ਥੋੜਾ ਬਹੁਤਾ ਦੁੱਧ ਵੇਚ ਕੇ ਗੁਜ਼ਾਰਾ ਚੱਲਦਾ ਸੀ ਪਰ ਕਈ ਦਿਨਾਂ ਤੋਂ ਸਾਡਾ ਕੰਮ ਬਿਲਕੁਲ ਹੀ ਠੱਪ ਪਿਆ ਹੈ। ਕੁਲਦੀਪ ਸਿੰਘ ਨੇ ਲੰਬਾ ਹਉਂਕਾ ਭਰਦਿਆਂ ਕਿਹਾ ਕਿ ਮੈਂ ਆਪਣੇ ਘੜੁੱਕੇ ’ਤੇ ਸਬਜ਼ੀ ਵੇਚ ਕੇ ਗੁਜ਼ਾਰਾ ਚਲਾਉਂਦਾ ਹਾਂ ਅਤੇ ਪਰਿਵਾਰ ਪਾਲਦਾ ਹਾਂ। ਸੁਬ੍ਹਾ ਮੈਂ ਜਾ ਕੇ ਸ਼ਹਿਰੋਂ ਸਬਜੀ ਲਿਆਉਂਦਾ ਅਤੇ ਉਸਤੋਂ ਬਾਅਦ ਵੇਚਦਾ ਹਾਂ ਪਰ ਹੁਣ ਤਾਂ ਸ਼ਹਿਰ ਵਿੱਚੋਂ ਸਬਜ਼ੀ ਨਹੀਂ ਮਿਲਦੀ ਜੇ ਮਿਲਦੀ ਵੀ ਹੈ ਤਾਂ ਬਹੁਤ ਮਹਿੰਗੀ ਮਿਲਦੀ ਹੈ। ਗ੍ਰਾਹਕ ਮਹਿੰਗੇ ਮੁੱਲ ਦੀ ਸਬਜ਼ੀ ਲੈਂਦਾ ਨਹੀਂ, ਕਿਉਂਕਿ ਮੌਸਮ ਨੇ ਬੁਰਾ ਹਾਲ ਕਰ ਦਿੱਤਾ ਹੈ। ਸਕੂਲ ’ਚ ਧੂਣੀ ਬਾਲ ਕੇ ਬੈਠੇ ਬੱਚਿਆਂ ਨੇ ਦੱਸਿਆ ਕਿ ਅਸੀਂ ਸਕੂਲ ਦੇ ਗਰਾਉਂਡ ’ਚ ਕਬੱਡੀ ਖੇਡਣ ਆਉਂਦੇ ਹਾਂ ਸਕੂਲ ’ਚ ਛੁੱਟੀਆਂ ਹੋਣ ਕਾਰਨ ਅਸੀਂ ਖੂਬ ਕਬੱਡੀ ਖੇਡਦੇ ਹਾਂ। ਪਰ ਹੁਣ ਤਾਂ ਕੱਪੜੇ ਉਤਾਰਨ ਨੂੰ ਮਨ ਹੀ ਨਹੀਂ ਕਰਦਾ ਕਿਉਂਕਿ ਠੰਡ ਬਹੁਤ ਜਿਆਦਾ ਹੈ ਅਤੇ ਬੂੰਦਾ ਬਾਂਦੀ ਨੇ ਗਰਾਊਂਡ ਵੀ ਗਿੱਲਾ ਕਰ ਦਿੱਤਾ ਹੈ। ਇਸ ਲਈ ਅਸੀਂ ਸਿਰਫ ਅੱਗ ਬਾਲ ਕੇ ਸੇਕ ਕੇ ਘਰ ਨੂੰ ਚਲੇ ਜਾਂਦੇ ਹਾਂ।