ਬੰਦ ਰੇਲਵੇ ਫਾਟਕ ਲੋਕਾਂ ਲਈ ਬਣਿਆ ਸਿਰਦਰਦੀ
ਬੰਦ ਰੇਲਵੇ ਫਾਟਕ ਲੋਕਾਂ ਲਈ ਬਣਿਆ ਵੱਡੀ ਮੁਸ਼ਕਲ
Publish Date: Mon, 05 Jan 2026 06:06 PM (IST)
Updated Date: Mon, 05 Jan 2026 06:08 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਉੱਘੇ ਆਗੂ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਭਾਈ ਰਾਹੁਲ ਸਿੰਘ ਸਿੱਧੂ ਨੇ ਪਿੰਡ ਚੜ੍ਹੇਵਾਨ, ਝਬੇਲਵਾਲੀ, ਉਦੇਕਰਨ ਅਤੇ ਆਲੇ–ਦੁਆਲੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਪਿੰਡ ਚੜੇਵਾਨ, ਚੌਂਤਰਾ, ਉਦੇਕਰਨ ਦੇ ਵਾਸੀਆਂ ਨੇ ਉਨ੍ਹਾਂ ਸਾਹਮਣੇ ਰੇਲਵੇ ਫਾਟਕ ਨੰਬਰ-22 ਦੇ ਪਿਛਲੇ ਪੰਜ–ਛੇ ਸਾਲਾਂ ਤੋਂ ਬੰਦ ਹੋਣ ਦੀ ਗੰਭੀਰ ਸਮੱਸਿਆ ਰੱਖੀ। ਪਿੰਡ ਵਾਸੀਆਂ ਨੇ ਦੱਸਿਆ ਕਿ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾਂ ਕੰਮਾਂ ਲਈ ਤਿੰਨ ਤੋਂ ਚਾਰ ਕਿਲੋਮੀਟਰ ਵੱਧ ਘੁੰਮ ਕੇ ਜਾਣਾ ਪੈਂਦਾ ਹੈ, ਜਿਸ ਨਾਲ ਖਾਸ ਕਰਕੇ ਮਰੀਜ਼ਾਂ, ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਰਜੈਂਸੀ ਹਾਲਾਤਾਂ ’ਚ ਇਹ ਲੰਬਾ ਪੈਂਡਾ ਜਾਨ ਲਈ ਵੀ ਖ਼ਤਰਾ ਬਣ ਸਕਦਾ ਹੈ। ਇਸ ਮੌਕੇ ਭਾਈ ਰਾਹੁਲ ਸਿੰਘ ਸਿੱਧੂ ਨੇ ਲੋਕਾਂ ਦੀ ਗੱਲ ਧਿਆਨ ਨਾਲ ਸੁਣਦੇ ਹੋਏ ਭਰੋਸਾ ਦਿੱਤਾ ਕਿ ਇਹ ਮਸਲਾ ਕੇਂਦਰੀ ਰੇਲਵੇ ਮੰਤਰੀ ਦੇ ਧਿਆਨ ’ਚ ਲਿਆ ਕੇ ਇਸਦਾ ਢੁੱਕਵਾਂ ਹੱਲ ਕਰਵਾਇਆ ਜਾਵੇਗਾ। ਪਿੰਡ ਵਾਸੀਆਂ ਨੇ ਉਮੀਦ ਜਤਾਈ ਕਿ ਭਾਈ ਰਾਹੁਲ ਸਿੰਘ ਸਿੱਧੂ ਦੀ ਦਖ਼ਲ ਅੰਦਾਜ਼ੀ ਨਾਲ ਜਲਦ ਹੀ ਫਾਟਕ ਦੀ ਸਮੱਸਿਆ ਦਾ ਹੱਲ ਨਿਕਲੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ।