ਵੈਕਸੀਨ ਲਿਆਉਣ ਤੇ ਛੱਡਣ ਦਾ ਪ੍ਰਬੰਧ ਸਿਵਲ ਸਰਜਨ ਦਫ਼ਤਰ ਕਰੇ : ਹਰਪਾਲ ਕੌਰ
ਵੈਕਸੀਨ ਲਿਆਉਣ ਤੇ ਛੱਡਣ ਦਾ ਪ੍ਰਬੰਧ ਸਿਵਲ ਸਰਜਨ ਦਫ਼ਤਰ ਕਰੇ : ਹਰਪਾਲ ਕੌਰ
Publish Date: Wed, 21 Jan 2026 06:35 PM (IST)
Updated Date: Wed, 21 Jan 2026 06:36 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੈਮੋਕ੍ਰੈਟਿਕ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੂਬਾ ਪ੍ਰੈੱਸ ਸਕੱਤਰ ਹਰਪਾਲ ਕੌਰ ਦੀ ਅਗਵਾਈ ਹੇਠ ਵੈਕਸੀਨ ਲਿਆਉਣ ਅਤੇ ਛੱਡਣ ਦਾ ਢੁੱਕਵਾਂ ਪ੍ਰਬੰਧ ਕਰਨ ਸਬੰਧੀ ਸਿਵਲ ਸਰਜਨ ਦੇ ਨੁਮਾਇੰਦੇ ਡਾ. ਕੁਲਤਾਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਵਿਭਾਗ ਵੱਲੋਂ ਪੱਤਰ ਜਾਰੀ ਕਰ ਕੇ ਆਸ਼ਾ ਵਰਕਰ ਨੂੰ ਵੈਕਸੀਨ ਲਿਆਉਣ ਅਤੇ ਵਾਪਸ ਜਮ੍ਹਾਂ ਕਰਾਉਣ ਦੇ ਕੰਮ ਤੋਂ ਛੋਟ ਦੇ ਦਿੱਤੀ ਗਈ ਹੈ। ਪਰ ਜ਼ਿਲ੍ਹੇ ਵਿੱਚ ਵੱਖ ਵੱਖ ਅਧਿਕਾਰੀਆਂ ਅਤੇ ਉੱਪਰਲੇ ਕਰਮਚਾਰੀਆਂ ਵੱਲੋਂ ਆਸ਼ਾ ਵਰਕਰਾਂ 'ਤੇ ਵੈਕਸੀਨ ਲਿਆਉਣ ਅਤੇ ਵਾਪਸ ਜਮ੍ਹਾਂ ਕਰਾਉਣ ਲਈ ਗੈਰ ਵਾਜਬ ਦਬਾਅ ਬਣਾਇਆ ਜਾ ਰਿਹਾ ਹੈ। ਪੂਰੇ ਪੰਜਾਬ ਦੇ ਅਨੇਕਾਂ ਜ਼ਿਲ੍ਹਿਆਂ ਵਿੱਚ ਸਿਵਲ ਸਰਜਨਾਂ ਵੱਲੋਂ ਇਸ ਸਬੰਧੀ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਹਨ, ਪਰ ਆਪਣੇ ਜਿਲ੍ਹੇ ਵਿੱਚ ਇਹ ਕੰਮ ਹਾਲੇ ਵੀ ਆਸ਼ਾ ਵਰਕਰਾਂ ਤੋਂ ਕਰਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਅਫ਼ਸਰਾਂ ਵੱਲੋਂ ਆਸ਼ਾ ਵਰਕਰਾਂ ਦਾ ਮਾਣਭੱਤਾ ਕੱਟਣ ਦੀਆਂ ਧਮਕੀਆਂ ਦੇ ਕੇ ਆਸ਼ਾ ਨੂੰ ਵੈਕਸੀਨ ਲਾਉਣ ਲਈ ਮਜ਼ਬੂਰ ਕਰ ਰਹੇ ਹਨ। ਪਰ ਆਸ਼ਾ ਵਰਕਰਾਂ ਵੱਲੋਂ ਇੱਕ ਮਹੀਨਾ ਸਹਿਯੋਗ ਦੇਣ ਤੋਂ ਬਾਅਦ ਇਹ ਕੰਮ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਣ ਸਾਰੇ ਬਲਾਕਾਂ ਦੇ ਸਬ ਸੈਂਟਰ ’ਤੇ ਵੈਕਸੀਨ ਨਾ ਆਉਣ ਕਾਰਨ ਟੀਕਾਕਰਨ ’ਤੇ ਅਸਰ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ 'ਤੇ ਇਸ ਕੰਮ ਲਈ ਦਬਾਅ ਨਾ ਪਾਇਆ ਜਾਵੇ ਅਤੇ ਵੈਕਸੀਨ ਲਿਆਉਣ ਅਤੇ ਵਾਪਸ ਜਮ੍ਹਾਂ ਕਰਾਉਣ ਦਾ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਪ੍ਰੈੱਸ ਨੋਟ ਰਾਹੀਂ ਚਿਤਾਵਨੀ ਦਿੰਦਿਆਂ ਕਿਹਾ ਕਿ ਵੈਕਸੀਨ ਲਿਆਉਣ ਅਤੇ ਵਾਪਸ ਜਮ੍ਹਾਂ ਕਰਾਉਣ ਦੇ ਲਈ ਗੈਰ ਵਾਜਬ ਦਬਾਅ ਬਣਾਉਣਾ ਬੰਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ’ਤੇ ਕਰਮਜੀਤ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਛਿੰਦਰਪਾਲ ਕੌਰ, ਸੰਦੀਪ ਕੌਰ, ਸੁਖਵਿੰਦਰ ਕੌਰ, ਪਰਜਮੀਤ ਕੌਰ, ਰੋਸ਼ਨੀ ਆਦਿ ਹਾਜ਼ਰ ਸਨ।