ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਦੋਹਰੇ ਕਤਲ ਮਾਮਲੇ ’ਚ 7 ਖ਼ਿਲਾਫ਼ ਮੁਕੱਦਮਾ ਦਰਜ
ਦੋਹਰੇ ਕਤਲ ਮਾਮਲੇ ’ਚ 07 ਲੋਕਾਂ ’ਤੇ ਮੁਕੱਦਮਾ ਦਰਜ਼
Publish Date: Sat, 07 Feb 2026 05:40 PM (IST)
Updated Date: Sat, 07 Feb 2026 05:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਬੀਤੀ ਰਾਤ ਗਿੱਦੜਬਾਹਾ ਦੇ ਪਿੰਡ ਕੋਠੇ ਦਸਮੇਸ਼ ਨਗਰ ’ਚ ਹੋਏ ਦੋਹਰੇ ਕਤਲ ਮਾਮਲੇ ’ਚ ਥਾਣਾ ਕੋਟਭਾਈ ਪੁਲਿਸ ਨੇ ਸੱਤ ਲੋਕਾਂ ਨੂੰ ਨਾਮਜ਼ਦ ਕਰਦਿਆਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕੋਠੇ ਦਸਮੇਸ਼ ਨਗਰ ’ਚ ਸਰਕਾਰੀ ਖਾਲ ਵਿੱਚੋਂ ਮਿੱਟੀ ਕੱਢ ਕੇ ਪਾਣੀ ਦੀ ਵਾਰੀ ਲੈਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਦੋਸ਼ੀਆਂ ਵੱਲੋਂ ਹਥਿਆਰਾਂ ਨਾਲ ਹਮਲਾ ਕਰਕੇ ਬਲਜੀਤ ਸਿੰਘ ਅਤੇ ਨਿਰਮਲ ਸਿੰਘ ਨੂੰ ਗੰਭੀਰ ਸੱਟਾਂ ਮਾਰੀਆਂ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਦੋਨੋਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਲੜਾਈ ਦਾ ਮੁੱਖ ਕਾਰਨ ਦੋਵਾਂ ਧਿਰਾਂ ਵਿਚਕਾਰ ਖੇਤੀਬਾੜੀ ਲਈ ਬਣੇ ਸਰਕਾਰੀ ਪੱਕੇ ਖਾਲ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਖਾਲ ਵਿੱਚ ਮਿੱਟੀ ਪਾ ਕੇ ਰਸਤਾ ਬਣਾਉਣ ਅਤੇ ਬਾਅਦ ’ਚ ਮਿੱਟੀ ਕੱਢਣ ਨੂੰ ਲੈ ਕੇ ਤਣਾਅ ਵੱਧ ਗਿਆ, ਜੋ ਘਾਤਕ ਝਗੜੇ ’ਚ ਬਦਲ ਗਿਆ। ਪੁਲਿਸ ਵੱਲੋਂ ਥਾਣਾ ਕੋਟਭਾਈ ਵਿਖੇ ਡਾਕਟਰੀ ਰੁੱਕਾ ਅਤੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ। ਇਸ ਮਾਮਲੇ ’ਚ ਰਾਜਵਿੰਦਰ ਸਿੰਘ ਉਰਫ ਰਾਜਾ, ਦਰਸ਼ਨ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਜਬਰਜੰਗ ਸਿੰਘ, ਲਵਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀਆਨ ਕੋਠੇ ਦਸ਼ਮੇਸ਼ ਨਗਰ, ਪਿੰਡ ਕੋਟਭਾਈ ਨੂੰ ਨਾਮਜ਼ਦ ਕੀਤਾ ਗਿਆ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਸਰਕਾਰੀ ਖਾਲ ਨੂੰ ਲੈ ਕੇ ਪੁਰਾਣਾ ਵਿਵਾਦ ਹੀ ਇਸ ਦੋਹਰੇ ਕਤਲ ਦੀ ਵਜ੍ਹਾ ਬਣਿਆ। ਡੀਐਸਪੀ ਗਿੱਦੜਬਾਹਾ ਨੇ ਦੱਸਿਆ ਕਿ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨ ਲੋਕ ਇਲਾਜ ਅਧੀਨ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਜ਼ਿਲ੍ਹੇ ’ਚ ਅਮਨ-ਕਾਨੂੰਨ ਭੰਗ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਭਿਮੰਨਿਊ ਰਾਣਾ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਰੁਣ ਮੁੰਡਨ ਡੀਐਸਪੀ ਗਿੱਦੜਬਾਹਾ ਦੀ ਨਿਗਰਾਨੀ ਹੇਠ ਐਸਆਈ ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਕੋਟਭਾਈ ਅਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਅਮਲ ’ਚ ਲਿਆਂਦੀ ਗਈ ਅਤੇ ਮੁਕੱਦਮਾ ਦਰਜ ਕੀਤਾ ਗਿਆ।