ਗਲਤ ਸਾਇਡ ਤੋਂ ਆ ਕੇ ਕਾਰ ਨੇ ਆਟੋ ਨੂੰ ਮਾਰੀ ਟੱਕਰ, ਕਸ਼ਮੀਰ ਦੇ ਅੱਠ ਨੌਜਵਾਨਾਂ ਸਮੇਤ 11 ਜ਼ਖ਼ਮੀ
ਗਲਤ ਸਾਇਡ ਤੋਂ ਆ ਕੇ ਕਾਰ ਚਾਲਕ ਨੇ ਆਟੋ ਨੂੰ ਮਾਰੀ ਟੱਕਰ, ਕਸ਼ਮੀਰ ਦੇ ਅੱਠ ਨੌਜਵਾਨਾਂ ਸਮੇਤ 11 ਜਖ਼ਮੀ
Publish Date: Fri, 20 Feb 2026 03:21 PM (IST)
Updated Date: Fri, 20 Feb 2026 03:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ-ਬਠਿੰਡਾ ਰਾਸ਼ਟਰੀ ਰਾਜਮਾਰਗ ਤੇ ਗਲਤ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਸਾਹਮਣੇ ਤੋਂ ਇੱਕ ਆਟੋ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਆਟੋ-ਰਿਕਸ਼ਾ ਵਿੱਚ ਸਵਾਰ ਗਿਆਰਾਂ ਲੋਕ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮਲੋਟ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਰਾਤ 8:30 ਵਜੇ ਦੇ ਕਰੀਬ ਵਾਪਰਿਆ। ਜ਼ਖਮੀਆਂ ਵਿੱਚੋਂ ਅੱਠ ਕਸ਼ਮੀਰੀ ਅਤੇ ਦੋ ਨੇਪਾਲੀ ਹਨ। ਉਹ ਮਲੋਟ ਦੇ ਇੱਕ ਪੈਲੇਸ ’ਚ ਹੋ ਰਹੇ ਇੱਕ ਸਮਾਗਮ ਵਿੱਚ ਵੇਟਰ ਵਜੋਂ ਕੰਮ ਕਰਨ ਤੋਂ ਬਾਅਦ ਆਟੋ-ਰਿਕਸ਼ਾ ਵਿੱਚ ਆਪਣੇ ਕਮਰਿਆਂ ਨੂੰ ਵਾਪਸ ਜਾ ਰਹੇ ਸਨ। ਮਲੋਟ ਦੇ ਰਹਿਣ ਵਾਲੇ ਆਟੋ ਚਾਲਕ ਮਹਿੰਦਰ ਕੁਮਾਰ ਨੇ ਦੱਸਿਆ ਕਿ ਨੇਪਾਲ ਅਤੇ ਕਸ਼ਮੀਰ ਤੋਂ ਕੁਝ ਲੋਕ ਮਲੋਟ ਵਿੱਚ ਇੱਕ ਪੈਲੇਸ ’ਚ ਵੇਟਰ ਵਜੋਂ ਕੰਮ ਕਰਨ ਲਈ ਆਏ ਸਨ। ਉਹ ਕੰਮ ਤੋਂ ਬਾਅਦ ਆਪਣੇ ਕਮਰਿਆਂ ਨੂੰ ਵਾਪਸ ਜਾਣ ਲਈ ਉਸਦੇ ਆਟੋ ਵਿੱਚ ਸਵਾਰ ਹੋਏ। ਉਹ ਮਲੋਟ-ਬਠਿੰਡਾ ਹਾਈਵੇਅ ਤੇ ਉਨ੍ਹਾਂ ਨੂੰ ਲਿਜਾ ਰਿਹਾ ਸੀ ਕਿ ਜਦੋਂ ਸਕਾਈ ਮਾਲ ਦੇ ਨੇੜੇ, ਇੱਕ ਸਵਿਫਟ ਡਿਜ਼ਾਇਰ ਡਰਾਈਵਰ ਗਲਤ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆਇਆ ਅਤੇ ਉਸਦੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਪਲਟ ਗਿਆ, ਜਿਸ ਨਾਲ ਉਸ ਸਮੇਤ 11 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਸਨੇ ਦੋਸ਼ ਲਗਾਇਆ ਕਿ ਡਰਾਈਵਰ ਸ਼ਰਾਬੀ ਸੀ। ਜਖ਼ਮੀਆਂ ਵਿਚ ਮਹਿੰਦਰ ਕੁਮਾਰ, ਜ਼ੁਲਫੀਕਾਰ ਛੰਮੀਸਾਹ, ਮੁਹੰਮਦ ਮਹੀਰ, ਬਿਲਾਲ ਅਹਿਮਦ, ਰੋਸ਼ਨ, ਹਾਲੀਲ, ਸ਼ਬੀਰ ਅਹਿਮਦ, ਵਿਕਾਸ, ਤਨਵੀਰ ਹੂਸੈਨ, ਮਹੁੰਮਦ ਜਹਾਂਗੀਰ ਸ਼ਾਮਿਲ ਹਨ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਣ ਤੇ, ਐਸਐਸਐਫ ਦੀ ਇੱਕ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਲੋਟ ’ਚ ਦਾਖਲ ਕਰਵਾਇਆ। ਡਾਕਟਰਾਂ ਨੇ ਛੰਮੀਸਾਹ ਅਤੇ ਵਿਕਾਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਬਠਿੰਡਾ ਰੈਫਰ ਕਰ ਦਿੱਤਾ। ਬਾਕੀ ਜ਼ਖਮੀਆਂ ਦੇ ਸਿਰ, ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਸੱਟਾਂ ਲੱਗੀਆਂ ਹਨ। ਮੌਕੇ ਤੇ ਪਹੁੰਚੇ ਪੁਲਿਸ ਕਾਂਸਟੇਬਲ ਕ੍ਰਿਸ਼ਨਾ ਸਿੰਘ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।