- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਜੱਥੇਬੰਦੀਆਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਕੈਂਡਲ ਮਾਰਚ

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਅਫ਼ਸਰਸ਼ਾਹੀ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਭੇਟ ਚੜ੍ਹੇ ਮੋਗਾ ਜ਼ਿਲ੍ਹੇ ਦੇ ਅਧਿਆਪਕ ਜੋੜੇ ਦੀ ਦੁਰਘਟਨਾ ਦੌਰਾਨ ਹੋਈ ਦੁਖਦਾਇਕ ਮੌਤ ਖ਼ਿਲਾਫ਼ ਅਧਿਆਪਕ ਵਰਗ ’ਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਵੱਖ-ਵੱਖ ਜਥੇਬੰਦੀਆਂ ਅਧਾਰਿਤ ਗਠਿਤ ਕੀਤੀ ਗਈ ਅਧਿਆਪਕ ਇਨਸਾਫ ਕਮੇਟੀ ਪੰਜਾਬ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਮੁਕਤਸਰ ਜ਼ਿਲ੍ਹੇ ਦੀਆਂ ਪ੍ਰਮੁੱਖ ਅਧਿਆਪਕ ਜਥੇਬੰਦੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ, ਗੌਰਮਿੰਟ ਟੀਚਰਜ਼ ਯੂਨੀਅਨ, ਡੀਟੀਐੱਫ ( ਸੰਬੰਧਿਤ ਡੀਐਮਐੱਫ) ਅਧਿਆਪਕ ਦਲ, ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਦੇ ਜ਼ਿਲ੍ਹਾ ਆਗੂਆਂ ਨੇ ਦੋਸ਼ ਲਾਇਆ ਕਿ ਲੱਗਭੱਗ ਮਹੀਨਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਅਧਿਆਪਕ ਜੋੜੇ ਦੇ ਪ੍ਰੀਵਾਰ ਨੂੰ ਇਨਸਾਫ ਨਹੀਂ ਦਿੱਤਾ ਗਿਆ।
ਇਸਦੇ ਉਲ਼ਟ 10 ਲੱਖ ਰੁਪਏ ਦੀ ਨਿਗੂਣੀ ਰਾਹਤ ਰਾਸ਼ੀ ਦਾ ਲਾਰਾ ਲਾਕੇ ਸਮੁੱਚੇ ਅਧਿਆਪਕ ਵਰਗ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਆਗੂਆਂ ਮਨੋਹਰ ਲਾਲ ਸ਼ਰਮਾ, ਲਖਵੀਰ ਸਿੰਘ ਹਰੀਕੇ, ਪਵਨ ਕੁਮਾਰ ਪਰਗਟ ਸਿੰਘ ਜੰਬਰ, ਅਤੇ ਅਮਰਜੀਤ ਸਿੰਘ ਨੇ ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਰਵੱਈਏ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਦੀ ਨਾਲਾਇਕੀ ਕਾਰਨ ਅਧਿਆਪਕ ਜੋੜੇ ਨੂੰ ਆਪਣੀਂ ਜਾਨ ਗਵਾਉਣੀ ਪਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਵੱਲੋਂ ਚੋਣਾਂ ਦੌਰਾਨ ਬਾਕੀ ਵਿਭਾਗਾਂ ਨੂੰ ਛੱਡ ਕੇ 90% ਅਧਿਆਪਕਾਂ ਦੀਆਂ ਜਬਰੀ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਇਸ ਵਾਰ ਵੀ ਅਧਿਆਪਕਾਂ ਨੂੰ ਆਪਣੇ ਪਿਤਰੀ ਬਲਾਕਾਂ ਦੀ ਥਾਂ ਦੂਸਰੇ ਬਲਾਕਾਂ ’ਚ ਚੋਣ ਡਿਊਟੀਆਂ ’ਤੇ ਭੇਜਿਆ ਗਿਆ।
ਅਧਿਆਪਕ ਆਗੂਆਂ ਜੀਵਨ ਸਿੰਘ ਬਧਾਈ, ਕੁਲਵਿੰਦਰ ਸਿੰਘ, ਪਰਮਿੰਦਰ ਖੋਖਰ ਅਤੇ ਪਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਅੰਮ੍ਰਿਤਸਰ ’ਚ ਜਹਿਰੀਲੀ ਸ਼ਰਾਬ ਪੀਣ ਕਾਰਨ ਫੌਤ ਹੋਏ ਲੋਕਾਂ ਨੂੰ 20 ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਤਾਂ ਦੇ ਸਕਦੀ ਹੈ ਪ੍ਰੰਤੂ ਚੋਣ ਡਿਊਟੀ ਦੌਰਾਨ ਸਰਕਾਰੀ ਤੰਤਰ ਦੀ ਭੇਟ ਚੜੇ ਅਧਿਆਪਕਾਂ ਦੇ ਪ੍ਰੀਵਾਰ ਲਈ ਕੇਵਲ ਤੇ ਕੇਵਲ 10 ਲੱਖ ਰੁਪਏ ਦੀ ਨਿਗੂਣੀ ਮੁਆਵਜ਼ਾ ਰਾਸ਼ੀ ਦੇ ਕੇ ਫੋਕਾ ਹੇਜ ਜਤਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਚੋਣਾਂ ਵਾਲੇ ਦਿਨ ਪੂਰੇ ਪੰਜਾਬ ’ਚ ਬਾਕੀ ਥਾਵਾਂ ’ਤੇ ਵੀ ਚੋਣ ਡਿਊਟੀ ਜਾਣ ਵਾਲੇ ਹੋਰ ਅਧਿਆਪਕ ਵੀ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਜਿਨਾਂ ਬਾਰੇ ਸੂਬਾ ਸਰਕਾਰ ਨੇ ਬਿੱਲਕੁਲ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਧਿਆਪਕਾਂ ਦੇ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਦੀ ਤੈਅ ਹੋਣੀ ਚਾਹੀਦੀ ਹੈ। ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਥਾਂ ਅਧਿਆਪਕਾਂ ਨੂੰ ਖੱਜਲ- ਖੁਆਰ ਕਰਨ ਅਤੇ ਉਨ੍ਹਾਂ ਤੇ ਪੁਲਿਸ ਕੇਸ ਦਰਜ ਕਰਨ ਦੀਆਂ ਧਮਕੀਆਂ ਤੇ ਅਕਸਰ ਹੀ ਉੱਤਰ ਆਉਂਦਾ ਹੈ।
ਇਹ ਕੈਂਡਲ ਮਾਰਚ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰੂ ਗੋਬਿੰਦ ਸਿੰਘ ਪਾਰਕ ਦੇ ਗੇਟ ’ਤੇ ਸਮਾਪਤ ਹੋਇਆ। ਭਰਾਤਰੀ ਜਥੇਬੰਦੀ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਸੁਖਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਅਧਿਆਪਕ ਆਗੂਆਂ ਨੇ ਦੱਸਿਆ ਕਿ ਇਨਸਾਫ਼ ਪ੍ਰਾਪਤੀ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਸੰਘਰਸ਼ ਦੀ ਅਗਲੀ ਕੜੀ ਤਹਿਤ 18 ਜਨਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਸਮੇਂ ਗੁਰਵਿੰਦਰ ਕੌਰ, ਜਸਵੰਤ ਕੌਰ, ਨੀਰਜ਼ ਬਜਾਜ ਸੁਖਜੀਤ ਥਾਂਦੇਵਾਲਾ, ਚਰਨਜੀਤ ਅਟਵਾਲ, ਸੁਰਿੰਦਰ ਸੇਤੀਆ, ਕੁਲਵਿੰਦਰ ਗੁਲਾਬੇ ਵਾਲਾ ਸੁਰਿੰਦਰ ਖੰਨਾ, ਰਵੀ ਸ਼ਰਮਾ ਹਰਜੀਤ ਸਿੰਘ, ਮਨਜੀਤ ਥਾਂਦੇਵਾਲਾ ਰਵੀ ਕੁਮਾਰ, ਕੰਵਲਜੀਤ ਪਾਲ, ਰਾਕੇਸ਼ ਚਲਾਨਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।