ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਮੰਡੀ ’ਚ ਕਣਕ ਦੀ ਖਰੀਦ ਕਰਵਾਈ ਸ਼ੁਰੂ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮਲੋਟ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼
Publish Date: Thu, 09 Apr 2026 04:54 PM (IST)
Updated Date: Fri, 10 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਚੱਲਦਿਆਂ ਅੱਜ ਮਲੋਟ ਦੀ ਅਨਾਜ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼ ਹੋ ਗਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਮੰਡੀ ਦਾ ਦੌਰਾ ਕੀਤਾ ਅਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਮੰਡੀ ’ਚ ਸਥਿਤ ਗੁਰਚਰਨ ਸਿੰਘ ਜੀਤ ਸਿੰਘ ਦੀ ਆੜ੍ਹਤ ਦੀ ਦੁਕਾਨ ’ਤੇ ਪਿੰਡ ਦਾਨੇਵਾਲਾ ਦੇ ਕਿਸਾਨ ਗੁਰਦੀਪ ਸਿੰਘ ਜਟਾਣਾ ਪੁੱਤਰ ਰਤਨ ਸਿੰਘ ਦੀ ਕਣਕ ਦੀ ਢੇਰੀ ਨੂੰ 2585 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੇ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਸਾਨਾਂ, ਅਧਿਕਾਰੀਆਂ ਅਤੇ ਮੰਡੀ ਦੇ ਮੁਲਾਜ਼ਮਾਂ ਨੂੰ ਨਵੀਂ ਫ਼ਸਲ ਦੀ ਵਧਾਈ ਦਿੱਤੀ।
ਮੰਤਰੀ ਨੇ ਭਰੋਸਾ ਦਿੱਤਾ ਕਿ ਮਲੋਟ ਸਮੇਤ ਸਾਰੀਆਂ ਮੰਡੀਆਂ ’ਚ ਖਰੀਦ ਦੇ ਪੁਖ਼ਤਾ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ, ਲੇਬਰ ਅਤੇ ਬਾਰਦਾਨੇ ਦੇ ਪ੍ਰਬੰਧਾਂ ਲਈ ਠੇਕੇਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਿਛਲੇ ਸੀਜ਼ਨ ਵਿੱਚ ਲਿਫਟਿੰਗ ਦੀ ਰਹੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਠੇਕੇਦਾਰਾਂ ਅਤੇ ਯੂਨੀਅਨਾਂ ਨਾਲ ਪਹਿਲਾਂ ਹੀ ਮੀਟਿੰਗਾਂ ਹੋ ਚੁੱਕੀਆਂ ਹਨ ਤਾਂ ਜੋ ਇਸ ਵਾਰ ਫ਼ਸਲ ਚੁੱਕਣ ਵਿੱਚ ਦੇਰੀ ਨਾ ਹੋਵੇ। ਉਨ੍ਹਾਂ ਐਲਾਨ ਕੀਤਾ ਕਿ ਮਲੋਟ ਮੰਡੀ ਵਿੱਚ ਕਈ ਸਾਲਾਂ ਬਾਅਦ ਪਾਣੀ ਦੀ ਪੱਕੀ ਸਹੂਲਤ ਦਿੱਤੀ ਜਾ ਰਹੀ ਹੈ, ਜੋ ਇੱਕ ਹਫ਼ਤੇ ਦੇ ਅੰਦਰ ਚਾਲੂ ਹੋ ਜਾਵੇਗੀ।
ਬੀਤੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਪੈਸ਼ਲ ਗਿਰਦਾਵਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇਗਾ। ਸਰਕਾਰੀ ਰਾਹਤ ਤੋਂ ਪਹਿਲਾਂ ਵੀ ਅਸੀਂ ਨਿੱਜੀ ਤੌਰ ’ਤੇ ਕਿਸਾਨਾਂ ਨਾਲ ਰਾਬਤਾ ਰੱਖ ਕੇ ਉਨ੍ਹਾਂ ਨੂੰ ਬਣਦੀ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੰਡੀ ਵਿੱਚ ਸੜਕਾਂ 'ਤੇ ਖੜ੍ਹੇ ਪਾਣੀ ਦੀ ਸਮੱਸਿਆ ਬਾਰੇ ਉਨ੍ਹਾਂ ਤੁਰੰਤ ਨਿਰੀਖਣ ਕਰਕੇ ਇਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਪ ਆਗੂ ਵੀ ਮੌਜੂਦ ਸਨ।