ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਤੇ ਕਣਕ ਦੋਵੇਂ ਰੁਲ ਰਹੇ ਹਨ : ਸੁਖਬੀਰ ਬਾਦਲ
ਸਰਕਾਰ ਦੀ ਨਲਾਇਕੀ ਕਾਰਨ ਕਿਸਾਨ ਤੇ ਕਣਕ ਦੋਵੇਂ ਰੁਲ ਰਹੇ ਹਨ : ਸੁਖਬੀਰ ਬਾਦਲ
Publish Date: Fri, 17 Apr 2026 07:17 PM (IST)
Updated Date: Fri, 17 Apr 2026 07:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਕੀਤੇ ਗਏ ਦਾਅਵੇ ਮਲੋਟ ਦੀ ਅਨਾਜ ਮੰਡੀ ’ਚ ਖੋਖਲੇ ਸਾਬਤ ਹੋ ਰਹੇ ਹਨ। ਅੱਜ 17 ਦਿਨ ਬੀਤ ਜਾਣ ਦੇ ਬਾਵਜੂਦ ਮੰਡੀ ’ਚ ਕਣਕ ਦੀ ਬੋਲੀ ਨਾ ਲੱਗਣ ਕਾਰਨ ਕਿਸਾਨਾਂ ’ਚ ਭਾਰੀ ਰੋਸ ਹੈ। ਇਸ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਵਿਸ਼ੇਸ਼ ਤੌਰ ਤੇ ਮਲੋਟ ਮੰਡੀ ਪਹੁੰਚੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਮੰਡੀ ’ਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਅੰਨਦਾਤੇ ਨੂੰ ਮੰਡੀਆਂ ’ਚ ਰੁਲਣ ਲਈ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦਾ ਭੋਰਾ ਵੀ ਦਰਦ ਨਹੀਂ ਹੈ। 17 ਦਿਨਾਂ ਤੋਂ ਕਿਸਾਨ ਖੁੱਲ੍ਹੇ ਅਸਮਾਨ ਹੇਠ ਆਪਣੀ ਫ਼ਸਲ ਦੀ ਰਾਖੀ ਕਰ ਰਹੇ ਹਨ, ਪਰ ਕੋਈ ਖਰੀਦਦਾਰ ਨਹੀਂ ਬਹੁੜ ਰਿਹਾ। ਅਜਿਹਾ ਮਾੜਾ ਹਾਲ ਕਣਕ ਦੀ ਫ਼ਸਲ ਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੰਡੀਆਂ ’ਚ ਥਾਂ ਨਾ ਹੋਣ ਕਾਰਨ ਕਿਸਾਨ ਖੇਤਾਂ ’ਚ ਖੜੀ ਫ਼ਸਲ ਨੂੰ ਵੱਢ ਨਹੀਂ ਰਹੇ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨੇੜਲੇ ਚਾਰ ਪਿੰਡਾਂ ’ਚ ਸੈਂਕੜੇ ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ, ਜਿਸ ਦਾ ਸਿੱਧਾ ਕਾਰਨ ਸਰਕਾਰ ਦੀ ਮਾੜੀ ਪ੍ਰਬੰਧਕੀ ਨੀਤੀ ਹੈ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਅਜਿਹੇ ਨਾਜ਼ੁਕ ਸਮੇਂ ’ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਛੁੱਟੀ ਤੇ ਗਏ ਹੋਏ ਹਨ, ਜੋ ਪ੍ਰਸ਼ਾਸਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਸਰਕਾਰ ਤੇ ਹਮਲਾ ਤੇਜ਼ ਕਰਦਿਆਂ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਪੰਜਾਬ ਦੇ ਕਿਸਾਨਾਂ ਦੇ ਦੁੱਖਾਂ ਨਾਲ ਕੋਈ ਸਰੋਕਾਰ ਨਹੀਂ ਹੈ, ਉਹ ਸਿਰਫ਼ ਪੰਜਾਬ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਇਸ ਮੌਕੇ ਪਿੰਡ ਮੋਹਲਾਂ ਦੇ ਕਿਸਾਨ ਗੁਰਮੀਤ ਸਿੰਘ, ਗੁਰਤੇਜ ਸਿੰਘ ਬਰਾੜ, ਕੁਲਦੀਪ ਸਿੰਘ ਈਨਾਂ ਖੇੜਾ ਅਤੇ ਹੋਰਾਂ ਨੇ ਦੱਸਿਆ ਕਿ 15-17 ਦਿਨਾਂ ਤੋਂ ਉਹ ਮੰਡੀ ਵਿੱਚ ਬੈਠੇ ਹਨ। ਉਨ੍ਹਾਂ ਦੀ ਕਣਕ ਸਾਫ਼-ਸੁਥਰੀ ਹੈ, ਪਰ ਫਿਰ ਵੀ ਖਰੀਦ ਨਹੀਂ ਕੀਤੀ ਜਾ ਰਹੀ। ਇਸ ਕਾਰਨ ਉਨ੍ਹਾਂ ਦੇ ਘਰਾਂ ਦੇ ਕੰਮ ਅਤੇ ਅਗਲੀ ਖੇਤੀ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਸੁਖਬੀਰ ਬਾਦਲ ਦਾ ਸਵਾਗਤ ਕੀਤਾ ਅਤੇ ਮਲੋਟ ਦੇ ਹਾਲਾਤ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਪਰਮਿੰਦਰ ਸਿੰਘ ਬਰਾੜ ਦੀ ਦੁਕਾਨ ਤੇ ਹੋਈ ਬੈਠਕ ’ਚ ਬਸੰਤ ਸਿੰਘ ਕੰਗ (ਸਾਬਕਾ ਚੇਅਰਮੈਨ), ਕੁਲਵਿੰਦਰ ਸਿੰਘ ਪੂਨੀਆ (ਪ੍ਰਧਾਨ), ਪਰਮਿੰਦਰ ਸਿੰਘ ਪੰਮਾ ਬਰਾੜ, ਸਰੋਜ ਸਿੰਘ ਬਰਾੜ, ਮੰਦਰ ਸਿੰਘ ਠੇਕੇਦਾਰ, ਰਾਜ ਰੱਸੇ ਵੱਟ (ਚੇਅਰਮੈਨ) ਅਤੇ ਹੋਰ ਕਈ ਸਥਾਨਕ ਆਗੂਆਂ ਨੇ ਕਿਸਾਨੀ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ।