ਗੜੇਮਾਰੀ ਪੀੜਤਾਂ ਨੂੰ ਪਹੁੰਚਾਈ ਜਾਵੇਗੀ ਕਣਕ : ਹਰਮੀਤ ਕਾਦੀਆਂ
ਗੰਧੜ ਪਿੰਡ ’ਚ ਬੀਕੇਯੂ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਕਾਦੀਆਂ ਨੇ ਫਸਲਾਂ ਦਾ ਜਾਇਜ਼ਾ ਲਿਆ
Publish Date: Fri, 10 Apr 2026 05:39 PM (IST)
Updated Date: Fri, 10 Apr 2026 05:41 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਗੜੇਮਾਰੀ ਪੀੜ੍ਹਤ ਪਿੰਡਾਂ ਦਾ ਦੌਰਾ ਕਰਨ ਆਏ ਬੀਕੇਯੂ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਗੰਧੜ ਪਿੰਡ ’ਚ ਪਹੁੰਚ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਹਰੇਕ ਟਰਾਲੀ ਵਿੱਚੋਂ ਇੱਕ ਕੁਇੰਟਲ ਬੋਰੀ ਕਣਕ ਲੈ ਕੇ ਆਵੇਗਾ ਅਤੇ ਗੜੇਮਾਰੀ ਪੀੜ੍ਹਤ ਪਿੰਡਾਂ ’ਚ ਕਣਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰਾ ਚਾਰਾ, ਗੱਠਾਂ, ਜੋ ਵੀ ਪੀੜਿਤ ਕਿਸਾਨਾਂ ਨੂੰ ਲੋੜ ਹੋਵੇਗੀ, ਉਨ੍ਹਾਂ ਤੱਕ ਯੂਨੀਅਨ ਪਹੁੰਚਾਵੇਗੀ। ਉਨ੍ਹਾਂ ਕਿਹਾ ਕਿ ਮਦਦ ਹੜ ਮਾਰੇ ਪਿੰਡਾਂ ਦੀ ਤਰਜ ’ਤੇ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਸਰਕਾਰ ਅੱਜ ਹੀ ਇਨ੍ਹਾਂ ਦੇ ਖਾਤਿਆਂ ’ਚ 50 ਹਜਾਰ ਰੁਪਏ ਪਾਵੇ ਅਤੇ ਬਾਕੀ ਮੁਆਵਜ਼ਾ ਵੀ ਜਲਦੀ ਦੇਵੇ। ਉਨ੍ਹਾਂ ਪ੍ਰਤੀ ਏਕੜ 40 ਹਜਾਰ ਰੁਪਏ ਮੁਆਵਜਾ ਦੇਣ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੁਆਰਾ ਲਏ ਕਰਜ਼ੇ ਮੁਆਫ ਕਰੇ ਜਾਂ ਛੇ ਮਹੀਨੇ ਅੱਗੇ ਕਰੇ ਅਤੇ ਕੋਈ ਡਿਫਾਲਟਰ ਵਿਆਜ ਨਾ ਲਾਵੇ ਜੇ ਕਿਸਾਨਾਂ ਨੂੰ ਡਿਫਾਲਟਰ ਵਿਆਜ ਲਗਾਇਆ ਗਿਆ ਤਾਂ ਸਾਡੇ ਵੱਲੋਂ ਬੁਰਾ ਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕੋਈ ਅਧਿਕਾਰੀ ਕਿਸਾਨ ਤੋਂ ਕਰਜ਼ਾ ਮੰਗਣ ਆਵੇਗਾ ਤਾਂ ਉਸ ਨਾਲ ਵੀ ਸਖਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਕਿ ਪੀੜਤ ਕਿਸਾਨਾਂ ਤੱਕ ਹਰ ਤਰ੍ਹਾਂ ਦੀ ਸਹਾਇਤਾ ਪਹੁੰਚਾਈ ਜਾ ਸਕੇ ਉਨ੍ਹਾਂ ਪਿੰਡ ਗੰਧੜ, ਭਾਗਸਰ, ਲੱਖੇਵਾਲੀ, ਨੰਦਗੜ, ਬੋਦੀਵਾਲਾ, ਅਸਪਾਲ, ਸਰਾਵਾਂ ਬੋਦਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਰਮਨਬੀਰ ਸਿੰਘ ਮਾਨ ਜਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।