ਭਾਜਪਾ ਦੀ 'ਮਿਸ਼ਨ 2027' ਦੀ ਤਿਆਰੀ : ਪੇਂਡੂ ਖੇਤਰਾਂ 'ਚ ਮਜ਼ਬੂਤੀ ਲਈ ਸਿੱਖ ਨੇਤਾਵਾਂ 'ਤੇ ਖੇਡਿਆ ਵੱਡਾ ਦਾਅ
ਕਿਸੇ ਸਮੇਂ ਨਾ ਸਿਰਫ਼ ਪੰਜਾਬ ਸਗੋਂ ਰਾਸ਼ਟਰੀ ਰਾਜਨੀਤੀ ’ਚ ਪ੍ਰਮੁੱਖ ਹਸਤੀ ਰਹੇ ਮੁਕਤਸਰ ਨਿਵਾਸੀ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਕਈ ਪਾਰਟੀਆਂ ਬਦਲ ਚੁੱਕੇ ਹਨ। ਬਰਾੜ ਨੇ ਆਖ਼ਰੀ ਵਾਰ 2022 ’ਚ ਬਠਿੰਡਾ ਦੇ ਮੌੜ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਸੀ
Publish Date: Sat, 17 Jan 2026 12:28 PM (IST)
Updated Date: Sat, 17 Jan 2026 12:38 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੇਂਡੂ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ। ਇਸ ਮੰਤਵ ਲਈ ਸਿੱਖ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਮਾਲਵਾ ਖੇਤਰ ਦੇ ਸਿੱਖ ਆਗੂਆਂ ਨੂੰ ਪਾਰਟੀ ਨਾਲ ਜੋੜਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸ ’ਚ ਉਸ ਨੂੰ ਸਫਲਤਾ ਵੀ ਮਿਲ ਰਹੀ ਹੈ। ਮੁਕਤਸਰ ਜ਼ਿਲ੍ਹੇ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਵਿਧਾਇਕ ਹਰਨਿਰਪਾਲ ਸਿੰਘ ਕੁੱਕੂ ਦੇ ਪਰਿਵਾਰ ਤੋਂ ਬਾਅਦ ਹੁਣ ਭਾਜਪਾ ਨੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਉਨ੍ਹਾਂ ਦੇ ਭਰਾ ਤੇ ਕੋਟਕਪੂਰਾ ਤੋਂ ਸਾਬਕਾ ਵਿਧਾਇਕ ਰਿਪਜੀਤ ਬਰਾੜ ਅਤੇ ਗਿੱਦੜਬਾਹਾ ਦੇ ਫਕਰਸਰ ਪਿੰਡ ਦੇ ਵਸਨੀਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਸਾਬਕਾ ਓਐੱਸਡੀ ਚਰਨਜੀਤ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਹੈ।
ਭਾਜਪਾ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਪਹਿਲੀ ਵਾਰ ਭਾਜਪਾ ਨੇ ਮਾਘੀ ਮੇਲੇ ਦੌਰਾਨ ਮੁਕਤਸਰ ’ਚ ਸਿਆਸੀ ਕਾਨਫ਼ਰੰਸ ਕੀਤੀ, ਪਿੰਡਾਂ ਤੋਂ ਵੱਡੀ ਭੀੜ ਇਕੱਠੀ ਕਰ ਕੇ ਵਿਰੋਧੀ ਪਾਰਟੀਆਂ ਨੂੰ ਚੁਣੌਤੀ ਦਿੱਤੀ। ਹੁਣ ਜਗਮੀਤ ਬਰਾੜ ਤੇ ਹੋਰ ਨੇਤਾਵਾਂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਹੋਰ ਮਜ਼ਬੂਤੀ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਕਈ ਪਾਰਟੀਆਂ ਬਦਲ ਚੁੱਕੇ ਹਨ ਜਗਮੀਤ ਬਰਾੜ
ਕਿਸੇ ਸਮੇਂ ਨਾ ਸਿਰਫ਼ ਪੰਜਾਬ ਸਗੋਂ ਰਾਸ਼ਟਰੀ ਰਾਜਨੀਤੀ ’ਚ ਪ੍ਰਮੁੱਖ ਹਸਤੀ ਰਹੇ ਮੁਕਤਸਰ ਨਿਵਾਸੀ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਕਈ ਪਾਰਟੀਆਂ ਬਦਲ ਚੁੱਕੇ ਹਨ। ਬਰਾੜ ਨੇ ਆਖ਼ਰੀ ਵਾਰ 2022 ’ਚ ਬਠਿੰਡਾ ਦੇ ਮੌੜ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਹਾਰ ਗਏ ਸਨ। ਇਸ ਮਗਰੋਂ ਅਕਾਲੀ ਦਲ ਨੇ ਦਸੰਬਰ 2022 ’ਚ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਲੰਬਾ ਸਮਾਂ ਚੁੱਪ ਰਹਿਣ ਮਗਰੋਂ ਉਨ੍ਹਾਂ ਨੇ 2024 ’ਚ ਗਿੱਦੜਬਾਹਾ ਜ਼ਿਮਨੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਦਾ ਐਲਾਨ ਤਾਂ ਕੀਤਾ ਪਰ ਲੜੇ ਨਹੀਂ। ਬਰਾੜ ਨੇ ਬਾਦਲ ਪਿਤਾ-ਪੁੱਤਰ ਵਿਰੁੱਧ ਪੰਜ ਵਾਰ ਚੋਣ ਲੜੀ ਹੈ ਅਤੇ ਇਕ ਵਾਰ ਸੁਖਬੀਰ ਬਾਦਲ ਨੂੰ ਹਰਾਇਆ। 1980 ਦੀਆਂ ਚੋਣਾਂ ’ਚ 22 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਗਿੱਦੜਬਾਹਾ ਤੋਂ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੀ।
ਉਹ 1992 ਅਤੇ 1999 ਵਿੱਚ ਕਾਂਗਰਸ ਦੀ ਟਿਕਟ ’ਤੇ ਫਰੀਦਕੋਟ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਨੇ 1999 ਦੀ ਚੋਣ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਜਿੱਤੀ। ਉਹ 2005 ਤੋਂ 2012 ਤੱਕ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ। 2015 ’ਚ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। ਕਾਂਗਰਸ ਛੱਡਣ ਮਗਰੋਂ ਉਹ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ ਪਰ 2017 ਵਿੱਚ ਉਨ੍ਹਾਂ ਪਾਰਟੀ ਛੱਡ ਦਿੱਤੀ। 2019 ਵਿੱਚ ਉਹ ਅਕਾਲੀ ਦਲ ’ਚ ਸ਼ਾਮਲ ਹੋ ਗਏ।