ਸਿਖਰ ਦੁਪਹਿਰੇ ਭਾਜਪਾ ਆਗੂਆਂ ਨੇ ਥਾਣਾ ਸਿਟੀ ਅੱਗੇ ਲਗਾਇਆ ਧਰਨਾ
ਸਿਖਰ ਦੁਪਹਿਰੇ ਭਾਜਪਾ ਆਗੂਆਂ ਨੇ ਥਾਣਾ ਸਿਟੀ ਅੱਗੇ ਲਗਾਇਆ ਧਰਨਾ, ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਸਮਾਪਤ
Publish Date: Mon, 08 Jun 2026 07:10 PM (IST)
Updated Date: Mon, 08 Jun 2026 07:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭਾਜਪਾ ਦੇ ਯੁਵਾ ਆਗੂ ਖਿਲਾਫ ਸੋਸ਼ਲ ਮੀਡੀਆ ਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਾਲੇ ਵਿਅਕਤੀ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਭਰੀ ਦੁਪਹਿਰ ਨੂੰ ਭਾਜਪਾ ਆਗੂਆਂ ਵੱਲੋਂ ਥਾਣਾ ਸਿਟੀ ਮਲੋਟ ਅੱਗੇ ਧਰਨਾ ਲਗਾ ਕੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਇਕੱਠੇ ਹੋਏ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਪੁਲਿਸ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਯੁਵਾ ਆਗੂ ਕੇਸ਼ਵ ਸਿਡਾਨਾ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਖ਼ਿਲਾਫ਼ ਬੇਹੱਦ ਭੱਦੀ ਅਤੇ ਇਤਰਾਜ਼ਯੋਗ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਦੇ ਇਸ ਢਿੱਲੇ ਰਵੱਈਏ ਕਾਰਨ ਹੀ ਅੱਜ ਸਾਨੂੰ ਮਜਬੂਰਨ ਸਿਖਰ ਦੁਪਹਿਰੇ ਥਾਣੇ ਅੱਗੇ ਧਰਨੇ ਤੇ ਬੈਠਣਾ ਪਿਆ ਹੈ। ਥਾਣੇ ਅੱਗੇ ਧਰਨਾ ਲੱਗਣ ਅਤੇ ਮਾਹੌਲ ਗਰਮਾਉਣ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਮਲੋਟ ਜਸਪਾਲ ਸਿੰਘ ਤੁਰੰਤ ਮੌਕੇ ਤੇ ਪਹੁੰਚੇ। ਉਨ੍ਹਾਂ ਦੇ ਨਾਲ ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਵਰੂਨ ਯਾਦਵ ਵੀ ਮੌਜੂਦ ਸਨ। ਪੁਲਿਸ ਅਧਿਕਾਰੀਆਂ ਨੇ ਧਰਨਾਕਾਰੀਆਂ ਕੋਲ ਪਹੁੰਚ ਕੇ ਉਨ੍ਹਾਂ ਦੀ ਗੱਲ ਸੁਣੀ ਅਤੇ ਵਿਸ਼ਵਾਸ ਦਿਵਾਇਆ ਕਿ ਸੋਸ਼ਲ ਮੀਡੀਆ ਤੇ ਗਲਤ ਸ਼ਬਦਾਵਲੀ ਵਰਤਣ ਵਾਲੇ ਆਰੋਪੀ ਖ਼ਿਲਾਫ਼ ਜਲਦ ਹੀ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਅਧਿਕਾਰੀਆਂ ਦੇ ਇਸ ਪੁਖ਼ਤਾ ਭਰੋਸੇ ਤੋਂ ਬਾਅਦ ਭਾਜਪਾ ਆਗੂਆਂ ਨੇ ਕਰੀਬ ਡੇਢ ਘੰਟੇ ਬਾਅਦ ਧਰਨਾ ਸਮਾਪਤ ਕੀਤਾ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਜਸਪਾਲ ਸਿੰਘ ਮਲੋਟ ਨੇ ਦੱਸਿਆ ਕਿ ਭਾਜਪਾ ਆਗੂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਕਿਸੇ ਵੀ ਵਿਅਕਤੀ ਦੇ ਅਕਸ ਨੂੰ ਖ਼ਰਾਬ ਕਰਨ ਜਾਂ ਮਾਹੌਲ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਤੇ ਭਾਜਪਾ ਦੇ ਜਿਲ੍ਹਾ ਵਾਈਸ ਪ੍ਰਧਾਨ ਸੋਮ ਕਾਲੜਾ, ਸਾਬਕਾ ਸ਼ਹਿਰੀ ਪ੍ਰਧਾਨ ਸੀਤਾ ਰਾਮ ਖੱਟਕ, ਪ੍ਰਵੀਨ ਮਦਾਨ , ਸਾਬਕਾ ਐਮਸੀ ਸੁਸ਼ੀਲ ਗਰੋਵਰ, ਸ਼ਿੰਪੂ ਗਾਬਾ, ਸੰਦੀਪ ਵਰਮਾ, ਅਰੁਣ ਖੁਰਾਣਾ, ਰਵਿੰਦਰ ਗੁਪਤਾ, ਅਸ਼ੋਕ ਜੱਗਾ, ਕੁਲਵੰਤ ਮਿੱਢਾ, ਵਿਜੈ ਛਾਬੜਾ ਤੋਂ ਇਲਾਵਾ ਭਾਜਪਾ ਦੇ ਵਰਕਰ ਹਾਜ਼ਰ ਸਨ।