ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਮਨਾਇਆ ਸ਼ਹੀਦੀ ਦਿਵਸ
ਭਾਜਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਮਨਾਇਆ ਸ਼ਹੀਦੀ ਦਿਵਸ
Publish Date: Mon, 23 Mar 2026 04:46 PM (IST)
Updated Date: Mon, 23 Mar 2026 04:49 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੋਮਵਾਰ ਨੂੰ ਜਿੱਥੇ ਵੱਖ-ਵੱਖ ਸੰਗਠਨਾਂ ਵੱਲੋਂ ਜ਼ਿਲ੍ਹੇ ’ਚ ਸ਼ਹੀਦੀ ਦਿਵਸ ਮੌਕੇ ਪ੍ਰੋਗਰਾਮ ਆਯੋਜਿਤ ਕੀਤੇ ਗਏ, ਉੱਥੇ ਹੀ ਭਾਜਪਾ ਨੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਸ਼ਹਿਰ ਦੇ ਘਾਹ ਮੰਡੀ ਚੌਕ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਸ਼ਹੀਦੀ ਦਿਵਸ ਮਨਾਇਆ। ਇਸ ਮੌਕੇ ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪ ਸਰਕਾਰ ਦੀ ਆਲੋਚਨਾ ਕੀਤੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਰਾਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਅੰਮ੍ਰਿਤਸਰ ’ਚ ਤਾਇਨਾਤ ਵੇਅਰਹਾਊਸ ਦੇ ਡੀਐੱਮ ਰੰਧਾਵਾ ਦੇ ਸੁਸਾਈਡ ਨੋਟ ਨੇ ਆਪ ਦਾ ਘਿਨਾਉਣਾ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਤ ਦੇ ਹਨੇਰੇ ’ਚ ਡੀਐਮ ਨੂੰ ਘਰ ਬੁਲਾ ਕੇ ਕੁੱਟਮਾਰ ਕਰਨਾ ਬਹੁਤ ਨਿੰਦਣਯੋਗ ਹੈ। ਉਨ੍ਹਾਂ ਨੂੰ ਲਿਖਣ ਲਈ ਮਜਬੂਰ ਕੀਤਾ ਗਿਆ ਕਿ ਟੈਂਡਰ ਕਿਸੇ ਹੋਰ ਨੂੰ ਦਸ ਲੱਖ ਰੁਪਏ ਵਿੱਚ ਦਿੱਤਾ ਗਿਆ ਸੀ। ਇਸ ਤੋਂ ਦੁਖੀ ਹੋ ਕੇ ਡੀਐਮ ਨੇ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਬਣਾਈ, ਜਿਸ ਵਿੱਚ ਪੰਜਾਬ ਸਰਕਾਰ ਤੇ ਗੰਭੀਰ ਦੋਸ਼ ਲਗਾਏ ਗਏ। ਆਪਣੀ ਮੌਤ ਤੋਂ ਪਹਿਲਾਂ ਡੀਐਮ ਨੇ ਲਾਲਜੀਤ ਭੁੱਲਰ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ, ਉਸ ਨੂੰ ਉਸਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਸਰਕਾਰ ਨੇ ਜਲਦਬਾਜ਼ੀ ਵਿੱਚ ਭੁੱਲਰ ਦਾ ਅਸਤੀਫਾ ਸਵੀਕਾਰ ਕਰ ਲਿਆ, ਪਰ ਸਿਰਫ਼ ਅਸਤੀਫਾ ਦੇਣ ਨਾਲ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲੇਗਾ। ਉਨ੍ਹਾਂ ਨੇ ਰਾਜਪਾਲ ਤੋਂ ਆਪ ਸਰਕਾਰ ਨੂੰ ਬਰਖਾਸਤ ਕਰਨ ਅਤੇ ਰਾਸ਼ਟਰਪਤੀ ਤੋਂ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਸੀਨੀਅਰ ਭਾਜਪਾ ਆਗੂ ਸੰਦੀਪ ਗਿਰਧਰ, ਭਾਜਪਾ ਮੰਡਲ ਚੜ੍ਹਦੀ ਕਲਾ ਦੀ ਪ੍ਰਧਾਨ ਪੂਜਾ ਰਾਣੀ ਕੱਕੜ, ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ, ਮੰਡਲ 3 ਦੇ ਪ੍ਰਧਾਨ ਰਜਿੰਦਰ ਭੁਜੀਆ ਵਾਲੇ, ਮਿੰਕਲ ਬਜਾਜ, ਭਾਈ ਰਾਹੁਲ ਸਿੰਘ ਸਿੱਧੂ, ਕੁਲਦੀਪ ਭੰਗੇਵਾਲਾ, ਰਾਹੁਲ ਕਟਾਰੀਆ, ਨੀਟਾ ਤੰਵਰ, ਸ਼ਿਵਨੰਦਨ ਬਿੱਲੂ ਕਟਾਰੀਆ, ਵਿਕਰਾਂਤ ਧੂੜੀਆ, ਵਿਕਰਾਂਤ ਧੂੜੀਆ ਤੇ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।