ਰਾਜਾ ਵੜਿੰਗ ਦੇ ਘਰ ਦੇ ਬਾਹਰ ਭਾਜਪਾ ਨੇ ਸਾੜਿਆ ਰਾਹੁਲ ਗਾਂਧੀ ਦਾ ਪੁਤਲਾ
ਰਾਜਾ ਵੜਿੰਗ ਦੇ ਘਰ ਦੇ ਬਾਹਰ ਭਾਜਪਾ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ
Publish Date: Fri, 27 Feb 2026 06:39 PM (IST)
Updated Date: Fri, 27 Feb 2026 06:43 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿੱਲੀ ’ਚ ਏਆਈ ਸੰਮੇਲਨ ਦੌਰਾਨ ਕੱਪੜੇ ਉਤਾਰ ਕੇ ਕਾਂਗਰਸੀ ਯੂਥ ਆਗੂਆਂ ਵੱਲੋਂ ਪ੍ਰਦਰਸ਼ਨ ਕਰਨ ਤੇ ਪ੍ਰਧਾਨ ਮੰਤਰੀ ਦੇ ਖਿਲਾਫ਼ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਕਰਨ ਦੇ ਵਿਰੋਧ ’ਚ ਭਾਜਪਾ ਯੁਥ ਮੋਰਚਾ ਨੇ ਕਾਂਗਰਸ ਖਿਲਾਫ਼ ਸ੍ਰੀ ਮੁਕਤਸਰ ਸਾਹਿਬ ’ਚ ਵਿਰੋਧ ਪ੍ਰਦਰਸ਼ਨ ਕੀਤਾ। ਭਾਜਪਾ ਯੂਥ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹਨੀ ਕਾਉਨੀ ਦੀ ਅਗਵਾਈ ਹੇਠ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦੇ ਸਾਹਮਣੇ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਗਿਆ। ਭਾਜਪਾ ਮੰਡਲ ਚੜ੍ਹਦੀ ਕਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਮੇਲੂ ਨੇ ਕਿਹਾ ਕਿ ਦਿੱਲੀ ’ਚ ਕਾਂਗਰਸ ਪਾਰਟੀ ਵੱਲੋਂ ਕੱਪੜੇ ਉਤਾਰ ਕੇ ਕੀਤਾ ਗਿਆ ਵਿਰੋਧ ਬਹੁਤ ਨਿੰਦਣਯੋਗ ਹੈ। ਵੱਖ-ਵੱਖ ਦੇਸ਼ਾਂ ਦੇ ਸੀਈਓ ਮੌਜੂਦ ਸਨ ਪਰ ਕਾਂਗਰਸ ਪਾਰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਭਾਜਪਾ ਦੇ ਯੂਥ ਆਗੂ ਅਨੁਰਾਗ ਸ਼ਰਮਾ ਨੇ ਕਿਹਾ ਕਿ ਦਿੱਲੀ ’ਚ ਕਾਂਗਰਸੀ ਨੇਤਾਵਾਂ ਵੱਲੋਂ ਕੱਪੜੇ ਉਤਾਰ ਕੇ ਕੀਤਾ ਗਿਆ ਪ੍ਰਦਰਸ਼ਨ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਵੱਖ-ਵੱਖ ਦੇਸ਼ਾਂ ਦੇ ਵੱਡੇ ਨੇਤਾ ਭਾਰਤ ਆਉਂਦੇ ਹਨ ਤਾਂ ਕਾਂਗਰਸ ਜਾਣਬੁੱਝ ਕੇ ਸੁਰਖੀਆਂ ਬਟੋਰਨ ਲਈ ਅਜਿਹੇ ਪ੍ਰਦਰਸ਼ਨਾਂ ਦਾ ਆਯੋਜਨ ਕਰਦੀ ਹੈ। ਦਿੱਲੀ ’ਚ ਏਆਈ ਸੰਮੇਲਨ ਇੱਕ ਵੱਡਾ ਮੌਕਾ ਸੀ ਪਰ ਕਾਂਗਰਸ ਦੇ ਸ਼ਰਾਰਤੀ ਤੱਤਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦਿੱਲੀ ਪੁਲਿਸ ਕਾਂਗਰਸੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਹਿਮਾਚਲ ਗਈ ਤਾਂ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਦਿੱਲੀ ਪੁਲਿਸ ਦੇ ਕਰਮਚਾਰੀਆਂ ਵਿਰੁੱਧ ਇਹ ਕਹਿ ਕੇ ਮਾਮਲਾ ਦਰਜ ਕੀਤਾ ਕਿ ਉਹ ਉਨ੍ਹਾਂ ਦੇ ਸੈਲਾਨੀਆਂ ਨੂੰ ਪਰੇਸ਼ਾਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਸਾੜਿਆ ਗਿਆ ਹੈ।