ਕੋਟਭਾਈ ਪੁਲਿਸ ਦੀ ਵੱਡੀ ਸਫ਼ਲਤਾ: ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ
ਅਭੀਮਨਿਊ ਰਾਣਾ (IPS), ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਮਨਮੀਤ ਸਿੰਘ ਢਿੱਲੋਂ (PPS), ਐੱਸ.ਪੀ. (ਇਨਵੈਸਟੀਗੇਸ਼ਨ) ਦੀ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਤੇ ਥਾਣਾ ਕੋਟਭਾਈ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ਵਿੱਚ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐੱਸ.ਪੀ. (ਡੀ) ਨੇ ਦੱਸਿਆ ਕਿ ਮਿਤੀ 16 ਅਪ੍ਰੈਲ 2026 ਨੂੰ ਪਿੰਡ ਕੋਟਭਾਈ ਦੇ ਨਿਵਾਸੀ ਟੇਕ ਸਿੰਘ ਪੁੱਤਰ ਕਰਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ।
Publish Date: Fri, 17 Apr 2026 03:05 PM (IST)
Updated Date: Fri, 17 Apr 2026 03:08 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅਭੀਮਨਿਊ ਰਾਣਾ (IPS), ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਮਨਮੀਤ ਸਿੰਘ ਢਿੱਲੋਂ (PPS), ਐੱਸ.ਪੀ. (ਇਨਵੈਸਟੀਗੇਸ਼ਨ) ਦੀ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਤੇ ਥਾਣਾ ਕੋਟਭਾਈ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਮਹਿਜ਼ 24 ਘੰਟਿਆਂ ਵਿੱਚ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐੱਸ.ਪੀ. (ਡੀ) ਨੇ ਦੱਸਿਆ ਕਿ ਮਿਤੀ 16 ਅਪ੍ਰੈਲ 2026 ਨੂੰ ਪਿੰਡ ਕੋਟਭਾਈ ਦੇ ਨਿਵਾਸੀ ਟੇਕ ਸਿੰਘ ਪੁੱਤਰ ਕਰਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਅਨੁਸਾਰ, ਸਰਬਜੀਤ ਮਹੰਤ (ਉਮਰ ਕਰੀਬ 37/38 ਸਾਲ) ਦੇ ਘਰ ਦਾ ਦਰਵਾਜ਼ਾ ਨਾ ਖੁੱਲ੍ਹਣ 'ਤੇ ਜਦੋਂ ਕੁੰਡਾ ਤੋੜ ਕੇ ਅੰਦਰ ਦੇਖਿਆ ਗਿਆ ਤਾਂ ਸਰਬਜੀਤ ਦੀ ਲਾਸ਼ ਕਮਰੇ ਵਿੱਚ ਪਈ ਸੀ। ਉਸ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਕਾਰਵਾਈ ਅਤੇ ਤਫ਼ਤੀਸ਼
ਥਾਣਾ ਕੋਟਭਾਈ ਵਿੱਚ ਮੁਕੱਦਮਾ ਨੰਬਰ 61 (ਧਾਰਾ 103, BNS) ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਡੀਐੱਸਪੀ ਗਿੱਦੜਬਾਹਾ ਸ੍ਰੀ ਅਰੁਣ ਮੁੰਡਨ ਦੀ ਨਿਗਰਾਨੀ ਹੇਠ ਪੁਲਿਸ ਨੇ ਟੈਕਨੀਕਲ ਸੈੱਲ ਅਤੇ ਗੁਪਤ ਸੂਚਨਾਵਾਂ ਦੀ ਮਦਦ ਨਾਲ ਕਾਤਲ ਦੀ ਪਛਾਣ ਗੁਰਮੀਤ ਸਿੰਘ ਉਰਫ਼ ਗੁੱਗ ਪੁੱਤਰ ਸੁਖਦੇਵ ਸਿੰਘ, ਨਿਵਾਸੀ ਕੋਟਭਾਈ ਵਜੋਂ ਕੀਤੀ। ਮੁਲਜ਼ਮ ਦੀ ਗ੍ਰਿਫ਼ਤਾਰੀ ਪੁਲਿਸ ਨੇ ਵੱਖ-ਵੱਖ ਟੀਮਾਂ ਗਠਿਤ ਕਰਕੇ ਅੱਜ ਮਿਤੀ 17 ਅਪ੍ਰੈਲ 2026 ਨੂੰ ਛਾਪੇਮਾਰੀ ਕਰਦਿਆਂ ਮੁਲਜ਼ਮ ਗੁਰਮੀਤ ਸਿੰਘ (37 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੁਰਮੀਤ ਸਿੰਘ ਉਰਫ਼ ਗੁੱਗ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੋਟਭਾਈ 'ਤੇ ਪਹਿਲਾਂ ਵੀ ਚੋਰੀ ਦਾ ਇੱਕ ਮੁਕੱਦਮਾ (198/2022) ਦਰਜ ਹੈ।
ਪੁਲਿਸ ਅਨੁਸਾਰ ਮੁਲਜ਼ਮ ਕੋਲੋਂ ਕਤਲ ਦੌਰਾਨ ਮ੍ਰਿਤਕਾ ਦੇ ਲੁੱਟੇ ਗਏ ਸੋਨੇ ਦੇ ਗਹਿਣੇ (ਕੰਨਾਂ ਦੀਆਂ ਵਾਲੀਆਂ, ਨੱਕ ਦੀ ਵਾਲੀ), ਮੋਬਾਈਲ ਫ਼ੋਨ ਅਤੇ ਕਤਲ ਵਿੱਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਬਰਾਮਦ ਕਰਨਾ ਅਜੇ ਬਾਕੀ ਹੈ। ਪੁਲਿਸ ਵੱਲੋਂ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।