ਵੱਡੀ ਖ਼ਬਰ: ਮੁਕਤਸਰ ਦੇ ਸਿਵਲ ਸਰਜਨ 'ਤੇ ਰਿਸ਼ਵਤ ਮੰਗਣ ਦੇ ਇਲਜ਼ਾਮ, 3 SMOs ਨੇ ਖੋਲ੍ਹਿਆ ਮੋਰਚਾ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤਿੰਨ ਸਰਕਾਰੀ ਹਸਪਤਾਲਾਂ- ਲੰਬੀ, ਦੋਦਾ ਅਤੇ ਆਲਮਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ (SMOs) ਨੇ ਸਿਵਲ ਸਰਜਨ ਡਾ. ਰਾਜ ਕੁਮਾਰ 'ਤੇ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲਗਾਏ ਹਨ। ਇਹਨਾਂ ਤਿੰਨਾਂ ਐੱਸ.ਐੱਮ.ਓਜ਼ ਨੇ ਇਸ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਦੂਜੇ ਪਾਸੇ, ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਝੂਠਾ ਦੱਸਿਆ ਹੈ।
Publish Date: Fri, 16 Jan 2026 12:00 PM (IST)
Updated Date: Fri, 16 Jan 2026 01:36 PM (IST)

ਰਾਜਿੰਦਰ ਪਾਹੜਾ, ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਤਿੰਨ ਸਰਕਾਰੀ ਹਸਪਤਾਲਾਂ- ਲੰਬੀ, ਦੋਦਾ ਅਤੇ ਆਲਮਵਾਲਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ (SMOs) ਨੇ ਸਿਵਲ ਸਰਜਨ ਡਾ. ਰਾਜ ਕੁਮਾਰ 'ਤੇ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲਗਾਏ ਹਨ। ਇਹਨਾਂ ਤਿੰਨਾਂ ਐੱਸ.ਐੱਮ.ਓਜ਼ ਨੇ ਇਸ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਦੂਜੇ ਪਾਸੇ, ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਝੂਠਾ ਦੱਸਿਆ ਹੈ।
ਜਾਣਕਾਰੀ ਅਨੁਸਾਰ, 14 ਜਨਵਰੀ ਨੂੰ ਦੋਦਾ ਹਸਪਤਾਲ ਦੇ ਐੱਸ.ਐੱਮ.ਓ. ਡਾ. ਰੌਬਿਨ ਕੁਮਾਰ, ਲੰਬੀ ਦੇ ਐੱਸ.ਐੱਮ.ਓ. ਡਾ. ਹਰਿੰਦਰਪਾਲ ਸਿੰਘ ਅਤੇ ਆਲਮਵਾਲਾ ਦੇ ਐੱਸ.ਐੱਮ.ਓ. ਨੇ ਸਿਹਤ ਮੰਤਰੀ ਨੂੰ ਸ਼ਿਕਾਇਤ ਦਿੱਤੀ। ਡਾ. ਰੌਬਿਨ ਕੁਮਾਰ ਨੇ ਦੋਸ਼ ਲਾਇਆ ਕਿ ਸਿਵਲ ਸਰਜਨ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾ ਕੇ ਪੈਸਿਆਂ ਦੀ ਮੰਗ ਕਰ ਰਹੇ ਹਨ।
ਰਿਸ਼ਵਤ ਦੀ ਮੰਗ ਦੇ ਵੇਰਵੇ: ਡਾ. ਰੌਬਿਨ ਕੁਮਾਰ ਅਨੁਸਾਰ, ਸਿਵਲ ਸਰਜਨ ਨੇ:
ਡਰਾਈਵਰ ਦੀ ਬਦਲੀ ਲਈ 5,000 ਰੁਪਏ।
ਇਸ਼ਤਿਹਾਰ ਛਪਵਾਉਣ ਲਈ 15,000 ਰੁਪਏ ਪ੍ਰਤੀ ਮਹੀਨਾ।
ਐਨਕਾਂ ਵੰਡਣ ਦੇ ਨਾਮ 'ਤੇ 3,000 ਰੁਪਏ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਿਵਲ ਸਰਜਨ ਨੇ ਇਹਨਾਂ ਪੈਸਿਆਂ ਨੂੰ 'ਯੂਜ਼ਰ ਚਾਰਜਿਸ' (ਹਸਪਤਾਲ ਦੇ ਫੰਡਾਂ) ਵਿੱਚ ਐਡਜਸਟ ਕਰਨ ਲਈ ਕਿਹਾ। ਡਾ. ਰੌਬਿਨ ਨੇ ਸਿਹਤ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਇਸ "ਰਿਸ਼ਵਤਖੋਰ" ਅਧਿਕਾਰੀ ਤੋਂ ਬਚਾਇਆ ਜਾਵੇ।
ਬਿਨਾਂ ਦੱਸੇ ਡੈਪੂਟੇਸ਼ਨ ਲਗਾਉਣ ਦੇ ਦੋਸ਼: ਇਸੇ ਤਰ੍ਹਾਂ ਲੰਬੀ ਦੇ ਐੱਸ.ਐੱਮ.ਓ. ਡਾ. ਹਰਿੰਦਰਪਾਲ ਸਿੰਘ ਨੇ ਸ਼ਿਕਾਇਤ ਵਿੱਚ ਲਿਖਿਆ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ, ਪਰ ਸਿਵਲ ਸਰਜਨ ਉਨ੍ਹਾਂ ਦੇ ਹਸਪਤਾਲ ਦੇ ਕਰਮਚਾਰੀਆਂ ਦੀਆਂ ਡੈਪੂਟੇਸ਼ਨਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਬਿਨਾਂ ਹੀ ਲਗਾ ਰਹੇ ਹਨ। ਇਸ ਕਾਰਨ ਹਸਪਤਾਲ ਚਲਾਉਣ ਵਿੱਚ ਦਿੱਕਤ ਆ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਤੋਂ ਵੀ 15,000 ਰੁਪਏ ਪ੍ਰਤੀ ਮਹੀਨਾ ਦੀ ਮੰਗ ਕੀਤੀ ਗਈ ਹੈ। ਹੁਣ ਤੱਕ ਸਿਵਲ ਸਰਜਨ ਉਨ੍ਹਾਂ ਤੋਂ ਲਗਭਗ 25,000 ਰੁਪਏ ਲੈ ਚੁੱਕੇ ਹਨ। ਵੱਖ-ਵੱਖ ਬਹਾਨਿਆਂ ਹੇਠ ਪੈਸੇ ਮੰਗੇ ਜਾਣ ਕਾਰਨ ਉਹ ਭਾਰੀ ਮਾਨਸਿਕ ਪਰੇਸ਼ਾਨੀ ਵਿੱਚ ਹਨ।
ਸਿਵਲ ਸਰਜਨ ਦਾ ਪੱਖ: ਇਨ੍ਹਾਂ ਦੋਸ਼ਾਂ 'ਤੇ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਕਿਹਾ, "ਇਹ ਸਾਰੇ ਦੋਸ਼ ਗਲਤ ਹਨ। ਮੈਂ ਇੱਕ ਜ਼ਿੰਮੇਵਾਰ ਅਹੁਦੇ 'ਤੇ ਹਾਂ ਅਤੇ ਅਜਿਹਾ ਕੁਝ ਨਹੀਂ ਕਰਦਾ। ਮੈਂ ਪੂਰੇ ਜ਼ਿਲ੍ਹੇ ਦਾ ਕੰਮ ਦੇਖਣਾ ਹੁੰਦਾ ਹੈ ਅਤੇ ਮੈਂ ਇਹਨਾਂ ਡਾਕਟਰਾਂ ਤੋਂ ਵਿਭਾਗ ਨਾਲ ਸਬੰਧਤ ਕੰਮ ਹੀ ਲੈ ਰਿਹਾ ਹਾਂ। ਇਹ ਲੋਕ ਮੇਰੇ 'ਤੇ ਝੂਠੇ ਇਲਜ਼ਾਮ ਲਗਾ ਰਹੇ ਹਨ।"