ਹਿਊਮਨ ਰਾਈਟ ਕਮਿਸ਼ਨ ਵੱਲੋਂ ਦਵਿੰਦਰ ਗਾਂਧੀ ਮੈਂਬਰ ਨਿਯੁਕਤ
18 ਸਾਲਾਂ ਤੋਂ ਲਵਾਰਸ ਲਾਸ਼ਾਂ ਦਾ ਸੰਸਕਾਰ ਕਰਨ ਵਾਲੇ ਦਵਿੰਦਰ ਗਾਂਧੀ ਨੂੰ ਵੱਡਾ ਸਨਮਾਨ
Publish Date: Wed, 08 Apr 2026 05:19 PM (IST)
Updated Date: Wed, 08 Apr 2026 05:20 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਸਮਾਜਸੇਵੀ ਦਵਿੰਦਰ ਗਾਂਧੀ, ਜੋ ਪਿਛਲੇ 18 ਸਾਲਾਂ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਮਿਲਣ ਵਾਲੀਆਂ ਲਵਾਰਸ ਲਾਸ਼ਾਂ ਦੇ ਅੰਤਿਮ ਸੰਸਕਾਰ ਦੀ ਸੇਵਾ ਕਰ ਰਹੇ ਹਨ, ਨੂੰ ਹੁਣ ਇਕ ਵੱਡਾ ਸਨਮਾਨ ਮਿਲਿਆ ਹੈ। ਪੰਜਾਬ ਸਟੇਟ ਅਤੇ ਚੰਡੀਗੜ੍ਹ (ਯੂ.ਟੀ.) ਹਿਊਮਨ ਰਾਈਟ ਕਮਿਸ਼ਨ ਨੇ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਮੈਂਬਰ ਨਿਯੁਕਤ ਕੀਤਾ ਹੈ। ਦਵਿੰਦਰ ਗਾਂਧੀ, ਜੋ ਕਿ ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਦੇ ਪ੍ਰਧਾਨ ਹਨ, ਲੰਮੇ ਸਮੇਂ ਤੋਂ ਉਹ ਕਾਰਜ ਕਰ ਰਹੇ ਹਨ ਜਿਸ ਤੋਂ ਅਕਸਰ ਲੋਕ ਪਿੱਛੇ ਹਟਦੇ ਹਨ। ਲਵਾਰਸ ਮ੍ਰਿਤਕਾਂ ਦਾ ਸੰਸਕਾਰ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਮਨੁੱਖਤਾ ਭਰੀ ਸੇਵਾ ਮੰਨੀ ਜਾਂਦੀ ਹੈ। ਹਿਊਮਨ ਰਾਈਟ ਕਮਿਸ਼ਨ ਨੇ ਉਨ੍ਹਾਂ ਦੀ ਲਗਾਤਾਰ ਸੇਵਾ, ਸਮਰਪਣ ਅਤੇ ਇਨਸਾਨੀਅਤ ਲਈ ਕੀਤੇ ਕੰਮਾਂ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਨਿਯੁਕਤੀ ਨਾਲ ਇਲਾਕੇ ਚ ਖੁਸ਼ੀ ਦਾ ਮਾਹੌਲ ਹੈ।