5-ਡੇਅ ਬੈਂਕਿੰਗ ਦੀ ਮੰਗ ਨੂੰ ਲੈ ਕੇ ਬੈਂਕ ਮੁਲਾਜ਼ਮ ਹੜਤਾਲ ’ਤੇ
5 ਡੇ ਬੈਂਕਿੰਗ ਦੀ ਮੰਗ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਦੀ ਦੇਸ਼ ਵਿਆਪੀ ਹੜਤਾਲ
Publish Date: Tue, 27 Jan 2026 05:04 PM (IST)
Updated Date: Tue, 27 Jan 2026 05:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : 5 ਡੇਅ ਬੈਂਕਿੰਗ ਦੀ ਮੰਗ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਦੀ ਦੇਸ਼ ਵਿਆਪੀ ਹੜਤਾਲ ਤਹਿਤ ਅੱਜ ਗਿੱਦੜਬਾਹਾ ’ਚ ਬੈਂਕ ਪੂਰੀ ਤਰ੍ਹਾਂ ਬੰਦ ਰਹੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਲੰਬੇ ਸਮੇਂ ਤੋਂ ਸਹਿਮਤ ਹੋਣ ਦੇ ਬਾਵਜੂਦ ਹਾਲੇ ਤੱਕ ਪੰਜ ਦਿਨਾਂ ਬੈਂਕਿੰਗ ਪ੍ਰਣਾਲੀ ਲਾਗੂ ਨਹੀਂ ਕੀਤੀ ਗਈ ਜਿਸਦੇ ਚਲਦਿਆਂ ਅੱਜ ਬੈਂਕ ਪੂਰੀ ਤਰ੍ਹਾਂ ਬੰਦ ਰਹੇ। ਇਸ ਸਬੰਧੀ ਗਿੱਦੜਬਾਹਾ ਵਿੱਚ ਐਸ ਬੀ ਆਈ ਮੇਨ ਬਰਾਂਚ ਦੇ ਅੱਗੇ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ ਤੇ ਸੈਂਕੜੇ ਬੈਂਕ ਕਰਮੀਆਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਅਤੇ ਆਈ ਬੀ ਏ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾਮਰੇਡ ਕੁਨਾਲ ਬਾਂਸਲ ਅਤੇ ਕਾਮਰੇਡ ਪਰਮਿੰਦਰ ਸਿੰਘ ਨੇ ਕਿਹਾ ਕਿ ਬਾਰਵਾਂ ਦੋ ਪੱਖੀ ਸਮਝੌਤਾ ਦਸਤਖਤ ਕਰਨ ਸਮੇਂ ਆਈ ਬੀ ਏ ਵੱਲੋਂ 5- ਡੇ ਬੈਂਕਿੰਗ ਦੀ ਮੰਗ ਤੇ ਸਪਸ਼ਟ ਸਹਿਮਤੀ ਦਿੱਤੀ ਗਈ ਸੀ, ਪਰ ਹੁਣ ਇਸ ਨੂੰ ਲਾਗੂ ਕਰਨ ਵਿੱਚ ਜਾਣ ਬੁਝ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਕਿਹਾ ਦੇਸ਼ ਦੇ ਸਾਰੇ ਮੁੱਖ ਵਿਤੀ ਅਦਾਰੇ ਜਿਵੇਂ ਸ਼ੇਅਰ ਮਾਰਕੀਟ, ਰਿਜ਼ਰਵ ਬੈਂਕ ਆਫ ਇੰਡੀਆ, ਐਲ ਆਈ ਸੀ ਆਦਿ ਪਹਿਲਾਂ ਹੀ ਹਫਤੇ ਵਿੱਚ ਪੰਜ ਦਿਨ ਕੰਮ ਕਰ ਰਹੇ ਹਨ। ਪਰ ਬੈਂਕ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨਾਂ ਨੇ ਜੋਰ ਦੇ ਕੇ ਕਿਹਾ ਕਿ ਬੈਂਕ ਕਰਮੀਆਂ ਨੇ ਸਰਕਾਰ ਦੀ ਹਰ ਸਕੀਮ ਅਤੇ ਯੋਜਨਾ ਨੂੰ ਪਹਿਲ ਦੇ ਅਧਾਰ ਤੇ ਜਮੀਨੀ ਪੱਧਰ ਤੇ ਲਾਗੂ ਕਰਨ ਵਿੱਚ ਕੇਂਦਰੀ ਅਤੇ ਅਹਿਮ ਭੂਮਿਕਾ ਨਿਭਾਈ ਹੈ।ਅੰਤ ਵਿੱਚ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਅਤੇ ਆਈਬੀਏ ਨੇ ਤੁਰੰਤ 5- ਡੇ ਬੈਂਕਿੰਗ ਪ੍ਰਣਾਲੀ ਨੂੰ ਲਾਗੂ ਨਾ ਕੀਤਾ ਤਾਂ ਬੈਂਕ ਮੁਲਾਜ਼ਮ ਆਪਣਾ ਅੰਦੋਲਨ ਹੋਰ ਤੇਜ਼ ਅਤੇ ਵਿਸ਼ਾਲ ਕਰਨ ਲਈ ਮਜਬੂਰ ਹੋਣਗੇ। ਇਸ ਅੰਦੋਲਨ ’ਚ ਸਟੇਟ ਬੈਂਕ ਆਫ ਇੰਡੀਆ ਤੋਂ ਕਾਮਰੇਡ ਕੁਨਾਲ ਬਾਂਸਲ, ਕਾਮਰੇਡ ਸੁਨੀਲ ਬਾਂਸਲ, ਕਾਮਰੇਡ ਅਲਕਾ, ਕਾਮਰੇਡ ਰੇਨੂ ਬਾਲਾ, ਕਾਮਰੇਡ ਪਰਮਿੰਦਰ ਸਿੰਘ, ਕਾਮਰੇਡ ਚਾਈਨਾ ਅਰੋੜਾ ਅਤੇ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਕਾਮਰੇਡ ਪੰਕਜ ਗਰਗ, ਕਾਮਰੇਡ ਰੁਪੇਸ਼ ਬਾਂਸਲ, ਕਾਮਰੇਡ ਜਸਕਰਨ ਸਿੰਘ, ਕਾਮਰੇਡ ਗੁਰਭਗਤ ਸਿੰਘ, ਕਾਮਰੇਡ ਕਰਨ ਜੈਨ, ਕਾਮਰੇਡ ਜਗਦੀਸ਼ ਅਤੇ ਇੰਡੀਅਨ ਬੈਂਕ ਵੱਲੋਂ ਕਾਮਰੇਡ ਚਿਰਾਗ ਗਰਗ ਅਤੇ ਹੋਰ ਵੀ ਬੈਂਕਾਂ ਦੇ ਕਰਮਚਾਰੀ ਹਾਜ਼ਰ ਰਹੇ।