ਮਾਲਵਾ ਆਰਚਰੀ ਅਕੈਡਮੀ ਵਿਖੇ ਲਗਾਇਆ ਆਰਚਰੀ ਸਿਖਲਾਈ ਸੈਮੀਨਾਰ
ਮਾਲਵਾ ਆਰਚਰੀ ਅਕੈਡਮੀ ਵਿਖੇ ਲਗਾਇਆ ਆਰਚਰੀ ਸਿਖਲਾਈ ਸੈਮੀਨਾਰ
Publish Date: Tue, 21 Apr 2026 05:45 PM (IST)
Updated Date: Tue, 21 Apr 2026 05:49 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਗਿੱਦੜਬਾਹਾ ਵਿਖੇ ਚੱਲ ਰਹੀ ਮਾਲਵਾ ਆਰਚਰੀ ਅਕੈਡਮੀ ਵਿਖੇ ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ ਸੇਵਾਮੁਕਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਕਨੀਕੀ ਸੁਧਾਰ ਤੇ ਮਾਨਸਿਕ ਮਜ਼ਬੂਤੀ ਨੂੰ ਉਤਸ਼ਾਹਿਤ ਕਰਨ ਆਰਚਰੀ ਦੇ ਖੇਤਰ ’ਚ ਬਰੀਕੀਆਂ ਸਮਝਣ ਲਈ ਇੱਕ ਵਿਸ਼ੇਸ਼ ਸਿਖਲਾਈ ਸੈਮੀਨਾਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਚ ਅਮਰਿੰਦਰ ਸਿੰਘ ਤੇ ਡਾ. ਨਿਸ਼ਾ ਤੋਮਰ ਨੇ ਦੱਸਿਆ ਕਿ ਇਸ ਸਿਖਲਾਈ ਸੈਮੀਨਾਰ ਦੇ 11-ਦਿਨਾਂ ਪ੍ਰੋਗਰਾਮ ’ਚ ਕੁੱਲ 28 ਉਤਸ਼ਾਹੀ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਦੇਸ਼ ਦੇ ਮੰਨੇ-ਪ੍ਰਮੰਨੇ ਮਾਹਿਰਾਂ ਇਰ ਸਨਮ, ਚਿੱਟੀਬੋਮਾ ਜਿਗਨਾਸ, ਤੇ ਰਿਤੁਲ ਚੈਟਰਜੀ ਵੱਲੋਂ ਸਿਖਲਾਈ ਦਿੱਤੀ ਗਈ। ਸੈਮੀਨਾਰ ਦਾ ਮੁੱਖ ਕੇਂਦਰ ਬਿੰਦੂ ਬਾਇਓਮੈਕਨੀਕਲ ਅਲਾਈਨਮੈਂਟ ਰਿਹਾ, ਜਿਸ ’ਚ ਵਿਦਿਆਰਥੀਆਂ ਨੂੰ ਸਰੀਰਕ ਸੰਤੁਲਨ ਤੇ ਟੀ ਸ਼ੇਪ ਪੋਸਚਰ ਰਾਹੀਂ ਮਾਸਪੇਸ਼ੀਆਂ ਦੀ ਥਕਾਵਟ ਘਟਾਉਣ ਦੇ ਗੁਰ ਸਿਖਾਏ ਗਏ। ਇਸ ਤੋਂ ਇਲਾਵਾ, ਤੀਰ ਛੱਡਣ ਦੀ ਪ੍ਰਕਿਰਿਆ ਦੌਰਾਨ ਪਿੱਠ ਦੀਆਂ ਮਾਸਪੇਸ਼ੀਆਂ ਦੀ ਵਰਤੋਂ ਤੇ ਸਾਜ਼ੋ-ਸਾਮਾਨ ਦੀ ਸਹੀ ਟਿਊਨਿੰਗ ਜਿਵੇਂ ਕਿ ਟਿਲਰ ਐਡਜਸਟਮੈਂਟ ਤੇ ਐਰੋ ਸਪਾਈਨ ਦੀ ਮਹੱਤਤਾ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ। ਸਿਖਲਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਵੀਡੀਓ ਵਿਸ਼ਲੇਸ਼ਣ ਤਕਨੀਕ ਦੀ ਵਰਤੋਂ ਕੀਤੀ ਗਈ ਤਾਂ ਜੋ ਖਿਡਾਰੀਆਂ ਦੀਆਂ ਬਾਰੀਕੀਆਂ ਨੂੰ ਸੁਧਾਰਿਆ ਜਾ ਸਕੇ ਤੇ ਮਾਨਸਿਕ ਮਜ਼ਬੂਤੀ ਲਈ ਵਿਸ਼ੇਸ਼ ਰੁਟੀਨ ਸਿਖਾਏ ਗਏ ਤਾਂ ਜੋ ਉਹ ਮੁਕਾਬਲੇ ਦੇ ਦਬਾਅ ਹੇਠ ਆਪਣਾ ਸੰਤੁਲਨ ਬਣਾਈ ਰੱਖ ਸਕਣ। ਇਹ ਸੈਮੀਨਾਰ ਇਨ੍ਹਾਂ 28 ਉਭਰਦੇ ਖਿਡਾਰੀਆਂ ਲਈ ਆਰਚਰੀ ਦੇ ਪੇਸ਼ੇਵਰ ਗੁਣ ਸਿੱਖਣ ਦਾ ਇੱਕ ਸੁਨਹਿਰੀ ਮੌਕਾ ਸਾਬਤ ਹੋਇਆ। ਇਸ ਮੌਕੇ ਤੇ ਮਾਲਵਾ ਆਰਚਰੀ ਰੇਂਜ ਦੀ ਸਾਰੀ ਟੀਮ ਮੈਂਬਰ ਆਦਿ ਹਾਜ਼ਰ ਸਨ।