24 ਜਨਵਰੀ ਨੂੰ ਦਿੜ੍ਹਬਾ ਰੈਲੀ ’ਚ ਪੁੱਜਣ ਦਾ ਐਲਾਨ
24 ਜਨਵਰੀ ਨੂੰ ਦਿੜ੍ਹਬਾ ਰੈਲੀ ’ਚ ਪੁੱਜਣ ਦਾ ਐਲਾਨ
Publish Date: Thu, 22 Jan 2026 05:15 PM (IST)
Updated Date: Fri, 23 Jan 2026 04:07 AM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੀਐਸਪੀਸੀਐਲ ਅਤੇ ਪੀਐਸਟੀਸੀਐਲ, ਕੰਟਰੈਕਚੂਅਲ ਵਰਕਰ ਯੂਨੀਅਨ ਪੰਜਾਬ ਜੱਥੇਬੰਦੀ ਦੇ ਆਗੂ ਕਿਰਪਾਲ ਸਿੰਘ ਮੱਲ੍ਹੀ ਅਤੇ ਰਜਿੰਦਰ ਸਿੰਘ ਵੱਲੋਂ ਸਬ ਡਵੀਜ਼ਨ ਗਿੱਦੜਬਾਹਾ ਵਿਖੇ ਅਤੇ ਭਲਾਈਆਣਾ ਗਰਿੱਡ ਵਿਖੇ ਫੀਲਡ ਸਟਾਫ ਅਤੇ ਗਰਿੱਡ ਸਟਾਫ ਸਾਥੀਆਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ’ਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਵਿਰੁੱਧ 24 ਜਨਵਰੀ ਵਾਲੇ ਦਿਨ ਦਿੜ੍ਹਬਾ ਦਾਣਾ ਮੰਡੀ ’ਚ ਰੱਖੀ ਰੈਲੀ ’ਚ ਪਰਿਵਾਰਾਂ ਸਮੇਤ ਪੁੱਜਣ ਦਾ ਐਲਾਨ ਕੀਤਾ ਗਿਆ। ਪ੍ਰਧਾਨ ਬਾਲਜੀਤ ਸਿੰਘ ਡਿਵੀਜ਼ਨ ਗਿੱਦੜਬਾਹਾ ਵੱਲੋਂ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਅਧੀਨ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਬਤੌਰ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਦੇ ਰੂਪ ਵਿੱਚ ਵੱਖ-ਵੱਖ ਕੰਪਨੀਆਂ ਅਤੇ ਸੋਸਾਇਟੀ ਵਲੋਂ ਤਾਇਨਾਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਭਾਰਤੀ ਸੰਵਿਧਾਨ ਮੁਤਾਬਕ ਸਥਾਈ ਸੇਵਾ ਦੀ ਲੋੜ ਦੇ ਖੇਤਰਾਂ ’ਚ ਸਾਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਘੱਟੋ ਘੱਟ ਉਜਰਤ ਦੇ ਕਾਨੂੰਨ 1948 ਅਤੇ ਪੰਦਰਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਅਨੁਸਾਰ ਸਾਡੀ ਤਨਖਾਹ ਨਿਸ਼ਚਿਤ ਕੀਤੀ ਜਾਵੇ। ਕੰਮ ਭਾਰ ਦੀ ਪਹਿਲਾਂ ਤਹਿ ਨੀਤੀ ਅਨੁਸਾਰ ਨਵੀਆਂ ਅਸਾਮੀਆਂ ਦੀ ਰਚਨਾ ਕਰਕੇ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਰਿਟਾਇਰਮੈਂਟ ਉਪਰੰਤ ਸਭ ਨੂੰ ਪੈਨਸ਼ਨਰੀ ਸੇਵਾ ਲਾਭ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ ਪਰ ਅਫਸੋਸ ਸਰਕਾਰ ਸਾਡੀ ਇਸ ਅਪੀਲ ਨੂੰ ਪ੍ਰਵਾਨ ਕਰਨ ਦੀ ਥਾਂ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਸੇਵਾ ਖੇਤਰਾਂ ਨੂੰ ਨਿੱਜੀ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ। ਆਗੂਆਂ ਵਲੋਂ ਕਿਹਾ ਗਿਆ ਕਿ ਮੌਜੂਦਾ ਸਰਕਾਰ ਵੱਲੋਂ ਵੀ ਪਹਿਲੀਆਂ ਸਰਕਾਰਾਂ ਦੇ ਰਾਹਾਂ ’ਤੇ ਚੱਲਦੇ ਹੋਏ ਆਊਟਸੋਰਸਡ ਇਨਲਿਸਟਮੈਂਟ ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਪਰਪੋਜਲ ਤਿਆਰ ਕਰਨ ਦੇ ਨਾਂ ਹੇਠ ਵਿਤ ਮੰਤਰੀ ਦੀ ਅਗਵਾਈ ’ਚ ਇੱਕ ਸਬ ਕਮੇਟੀ ਦਾ ਗਠਨ ਕਰਕੇ ਕੰਮ ਲਮਕਾਊ ਅਤੇ ਟਰਕਾਊ ਚਾਲਾਂ ਰਾਹੀਂ ਮੁਲਾਜ਼ਮਾਂ ਨਾਲ ਧੋਖਾ ਕਰਕੇ ਡੰਗ ਟਪਾਈ ਕੀਤੀ ਗਈ। ਅਗੂਆਂ ਦੱਸਿਆ ਕਿ ਇਸ ਸੰਘਰਸ਼ ਪ੍ਰੋਗਰਾਮ ਮੁਤਾਬਕ ਪੰਜਾਬ ਵਿੱਚ ਮੁਲਾਜ਼ਮ ਜਥੇਬੰਦੀਆਂ ਕਾਫਲੇ ਬੰਨ੍ਹ ਕੇ ਬਿਜਲੀ ਮੁਲਾਜ਼ਮ ਪਰਿਵਾਰਾਂ ਤੱਕ ਜਾਣਗੇ। ਉਨ੍ਹਾਂ ਨੂੰ ਸੰਘਰਸ਼ ਦੀ ਲੋੜ ਤੋਂ ਜਾਣੂ ਕਰਵਾਕੇ 24 ਜਨਵਰੀ ਦੀ ਦਿੜ੍ਹਬਾ ਰੈਲੀ ਵਿੱਚ ਵਿੱਚ ਸ਼ਮੂਲੀਅਤ ਲਈ ਤਿਆਰ ਕੀਤਾ ਜਾਵੇਗਾ। ਇਸ ਤਰ੍ਹਾਂ ਠੇਕਾ ਮੁਲਾਜ਼ਮਾਂ ਦੇ ਬਜ਼ੁਰਗਾਂ ਦੇ ਨਾਲ ਉਨ੍ਹਾਂ ਦੀਆਂ ਜੀਵਨ ਸਾਥਣਾਂ ਸਮੇਤ ਬੱਚਾ ਬੱਚਾ ਜੋਸ਼ ਖਰੋਸ਼ ਨਾਲ ਪੁਜਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕਰੇਗਾ। ਇਸ ਮੌਕੇ ਕੈਸ਼ੀਅਰ ਮਿੱਠਣ, ਅਮਨਦੀਪ ਖਾਨ, ਰਮਨਦੀਪ ਸਿੰਘ, ਪਿਰਤਪਾਲ ਸਿੰਘ, ਕੁਲਵੀਰ ਸਿੰਘ, ਕੈਸ਼ੀਅਰ ਸਿਕੰਦਰ ਸਿੰਘ., ਸਿਕੰਦਰ ਸਿੰਘ, ਹਰਮੇਲ ਸਿੰਘ ਮੈਂਬਰ, ਸੂਬਾ ਆਗੂ ਗੁਰਵਿੰਦਰ ਸਿੰਘ ਪੰਨੂੰ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰੈਕਚੂਅਲ ਵਰਕਰ ਯੂਨੀਅਨ ਪੰਜਾਬ ਦੇ ਆਗੂ ਸ਼ਾਮਿਲ ਹੋਏ।