ਵਾਟਰ ਪਾਈਪ ਪਾਉਣ ਲਈ ਜੇਸੀਬੀ ਮਸ਼ੀਨ ਨਾਲ ਪੁੱਟੀ ਜਾ ਰਹੀ ਹੈ ਇੰਟਰਲਾਕ ਸੜਕ
ਵਾਟਰ ਪਾਈਪ ਪਾਉਣ ਲਈ ਜੇਸੀਬੀ ਮਸ਼ੀਨ ਨਾਲ ਪੁੱਟੀ ਜਾ ਰਹੀ ਹੈ ਇੰਟਰਲਾਕ ਸੜਕ
Publish Date: Wed, 11 Mar 2026 05:56 PM (IST)
Updated Date: Wed, 11 Mar 2026 06:00 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਵਿਖੇ ਬੀਤੇ ਕੁੱਝ ਮਹੀਨਿਆਂ ਤੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਪਾਣੀ ਦੀ ਨਵੀਂ ਪਾਈਪ ਲਾਈਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਲਈ ਸੰਬੰਧਤ ਠੇਕੇਦਾਰ ਵੱਲੋਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਅਤੇ ਸਰਕੂਲਰ ਰੋਡ ’ਤੇ ਸੜਕਾਂ ਦੀ ਪੁਟਾਈ ਕੀਤੀ ਜਾ ਰਹੀ ਹੈ। ਮੌਜੂਦਾ ਦੌਰ ’ਚ ਸੜਕਾਂ ਪੁੱਟਣ ਸਮੇਂ ਠੇਕੇਦਾਰ ਵੱਲੋਂ ਕੰਮ ਨੂੰ ਜਲਦੀ ਨੇਪਰੇ ਚਾੜ੍ਹਣ ਲਈ ਜੇਸੀਬੀ ਮਸ਼ੀਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜੋ ਸੜਕ ਤਾਰਕੋਲ (ਲੁੱਕ) ਜਾਂ ਫਿਰ ਸੀਮੇਂਟ-ਕੰਕਰੀਟ ਨਾਲ ਬਣੀ ਹੋਈ ਹੈ, ਉਸਦੀ ਪੁਟਾਈ ਤਾਂ ਜੇਸੀਬੀ ਮਸ਼ੀਨ ਨਾਲ ਕੀਤਾ ਜਾਣਾ ਵਾਜਿਬ ਹੈ ਪਰੰਤੂ ਜੋ ਸੜਕ ਇੰਟਰਲਾਕ ਟਾਇਲਜ ਨਾਲ ਬਣੀ ਹੈ ਉਸਨੂੰ ਵੀ ਲੇਬਰ ਅਤੇ ਸਮੇਂ ਦੀ ਬੱਚਤ ਦੇ ਨਾਮ ਤੇ ਜੇਸੀਬੀ ਨਾਲ ਪੁੱਟਿਆ ਜਾ ਰਿਹਾ ਹੈ। ਅਜਿਹਾ ਕਰਨ ਨਾਲ ਵੱਡੀ ਸੰਖਿਆ ਵਿਚ ਜੇਸੀਬੀ ਦੇ ਪੰਜੇ ਦੇ ਭਾਰ ਕਰਨ ਇੰਟਰਲਾਕ ਟਾਇਲਾਂ ਟੁੱਟ ਰਹੀਆਂ ਹਨ, ਜਿਸ ਕਾਰਨ ਕਿਤੇ ਨਾ ਕਿਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਅਜਾਂਈ ਜਾ ਰਹੀ ਹੈ। ਇੰਟਰਲਾਕ ਟਾਇਲਾਂ ਨੂੰ ਹੱਥੀ ਜਾਂ ਫਿਰ ਸੰਭਾਲ ਕੇ ਨਾ ਪੁੱਟੇ ਜਾਣ ਕਾਰਨ ਸੜਕ ਦੇ ਦੁਬਾਰਾ ਠੀਕ ਹੋਣ ਤੇ ਵੀ ਪਹਿਲਾਂ ਵਰਗੀ ਮਜਬੂਤੀ ਨਹੀਂ ਰਹੇਗੀ। ਵਰਣਨਯੋਗ ਹੈ ਕਿ ਇੰਟਰਲਾਕ ਟਾਇਲ ਵਾਲੀ ਸੜਕ ਦੀ ਕੇਵਲ ਇਕ ਇੰਟਰਲਾਕ ਟਾਇਲ ਨੂੰ ਪੁੱਟ ਕੇ ਬਾਕੀ ਦੀਆਂ ਟਾਇਲਾਂ ਨੂੰ ਬੜੀ ਅਸਾਨੀ ਨਾਲ ਪੁੱਟਿਆ ਜਾ ਸਕਦਾ ਹੈ ਅਤੇ ਜਮੀਨ ਵਿਚ ਕੋਈ ਵੀ ਪਾਇਪ ਜਾਂ ਫਿਰ ਤਾਰ ਆਦਿ ਪਾ ਕੇ ਮੁੜ ਉਹੀ ਟਾਇਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਇੰਨਾਂ ਨੂੰ ਲਗਾਉਣ ਸਮੇਂ ਕਿਨਾਰਿਆਂ ਨੂੰ ਛੱਡ ਕੇ ਸੀਮੇਂਟ ਆਦਿ ਵੀ ਵਰਤੋਂ ਨਹੀਂ ਹੁੰਦੀ। ਲੋਕਾਂ ਨੇ ਸੰਬੰਧਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਪਾਸੋਂ ਕੰਮ ਨਿਯਮਾਂ ਅਨੁਸਾਰ ਕਰਨ ਅਤੇ ਸੜਕਾਂ ਨੂੰ ਅਣਉਚਿਤ ਨੁਕਸਾਨ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਸੰਬੰਧਤ ਸੀਵਰੇਜ ਵਿਭਾਗ ਦੇ ਜੇ.ਈ. ਲਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਨ੍ਹਾਂ ਠੇਕੇਦਾਰ ਪਾਸੋਂ ਸੜਕ ਡਿਸਮੈਂਟਲ ਕਰਵਾ ਕੇ ਰੀਸਟੋਰ ਕਰਕੇ ਲੈਣੀ ਹੈ ਅਤੇ ਸੜਕ ਨੂੰ ਸਹੀ ਹਾਲਤ ਵਿਚ ਕਰਕੇ ਦੇਣਾ ਠੇਕੇਦਾਰ ਦੀ ਜਿੰਮੇਦਾਰੀ ਹੈ। ਜੇ.ਈ. ਲਖਵਿੰਦਰ ਸਿੰਘ ਭੁੱਲਰ ਨੇ ਮੌਕੇ ਪੁੱਜ ਕੇ ਜੇਸੀਬੀ ਨਾਲ ਚੱਲ ਰਹੇ ਕੰਮ ਨੂੰ ਬੰਦ ਕਰਵਾਇਆ ਅਤੇ ਹੱਥੀ ਇੰਟਰਲਾਕ ਟਾਇਲਾ ਪੁੱਟ ਦਾ ਕੰਮ ਸ਼ੁਰੂ ਕਰਵਾਇਆ। ਅਜਿਹੇ ਵਿਚ ਭਾਂਵੇ ਸੰਬੰਧਤ ਠੇਕੇਦਾਰ ਅਤੇ ਵਿਭਾਗ ਸੜਕਾਂ ਨੂੰ ਰੀਸਟੋਰ ਕਰਨ ਦੀ ਗੱਲ ਜਰੂਰ ਕਰ ਰਹੇ ਹਨ ਪਰੰਤੂ ਅਣਉਚਿਤ ਢੰਗ ਨਾਲ ਟੁੱਟ ਰਹੀਆਂ ਇੰਟਰਲਾਕ ਟਾਇਲਾਂ ਦੀ ਜਗ੍ਹਾ ਤੇ ਨਵੀਆਂ ਲੱਗਣ ਵਾਲੀਆਂ ਟਾਇਲਾਂ ਲਈ ਕੱਚੇ ਮਾਲ ਦੇ ਰੂਪ ਵਿਚ ਦੇਸ਼ ਦੇ ਕਿੰਨੇ ਸੰਸਾਧਨਾਂ ਦਾ ਨੁਕਸਾਨ ਹੋਵੇਗਾ ? ਇਹ ਜਰੂਰ ਸੋਚਣ ਵਾਲੀ ਗੱਲ ਹੈ।