ਪੱਕੇ ਖਾਲ ’ਚ ਘਟੀਆ ਮਟੀਰੀਅਲ ਵਰਤਣ ਦੇ ਲਗਾਏ ਦੋਸ਼
ਪੱਕੇ ਖਾਲ ’ਚ ਘਟੀਆ ਮਟੀਰੀਅਲ ਵਰਤਣ ਦੇ ਲਗਾਏ ਦੋਸ਼
Publish Date: Fri, 02 Jan 2026 06:14 PM (IST)
Updated Date: Fri, 02 Jan 2026 06:17 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪਿੰਡ ਬੁੱਟਰ ਬਖੂਹਾ ਵਿਖੇ ਨਹਿਰੀ ਵਿਭਾਗ ਦੇ ਤਿਓਣਾ ਉਪ ਮੰਡਲ ਵੱਲੋਂ ਬਣਾਏ ਜਾ ਰਹੇ ਪੱਕੇ ਖਾਲ ’ਚ ਠੇਕੇਦਾਰ ਵੱਲੋਂ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬੁੱਟਰ ਬਖੂਹਾ ਦੇ ਹਰਮੀਤ ਸਿੰਘ, ਸ਼ਿਵਰਾਜ ਸਿੰਘ ਖਾਲਸਾ, ਨਿੱਕਾ ਸਿੰਘ, ਜਗਸੀਰ ਸਿੰਘ, ਸੁਖਦੇਵ ਸਿੰਘ, ਸਰੂਪ ਸਿੰਘ ਅਤੇ ਟੇਕ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਬੁੱਟਰ ਬਖੂਹਾ ਦੇ ਕਰੀਬ 21 ਏਕੜ ਰਕਬੇ ’ਚ ਵਿਭਾਗ ਵੱਲੋਂ ਪੱਕੇ ਖਾਲ ਦੀ ਉਸਾਰੀ ਕੀਤੀ ਜਾ ਰਹੀ ਹੈ ਪਰੰਤੂ ਇਸ ਖਾਲ ’ਚ ਸੰਬੰਧਤ ਠੇਕੇਦਾਰ ਵੱਲੋਂ ਪਿੱਲੀਆ ਇੱਟਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੱਲੀਆਂ ਇੱਟਾਂ ਤੋਂ ਇਲਾਵਾ ਨਾ ਤਾਂ ਖਾਲ ਵਾਲੀ ਜਗ੍ਹਾ ਦੀ ਵਧੀਆ ਤਰੀਕੇ ਨਾਲ ਕੁਟਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਨਿਯਮਾਂ ਅਨੁਸਾਰ ਸੀਮਿੰਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾੜੇ ਮਟੀਰੀਅਲ ਦਾ ਪਤਾ ਤਾਂ ਇਸ ਗੱਲ ਤੋਂ ਆਪ ਮੁਹਾਰੇ ਹੀ ਲੱਗ ਰਿਹਾ ਹੈ ਕਿਉਂਕਿ ਜਿੰਨੇ ਖੇਤਰ ਵਿਚ ਖਾਲ ਤਿਆਰ ਹੋ ਚੁੱਕਾ ਹੈ, ਉਸ ਵਿਚ ਪਾਣੀ ਦੀ ਕੀਤੀ ਗਈ ਕਿਊਰਿੰਗ ਦੌਰਾਨ ਹੀ ਪਾਣੀ ਖਾਲ ਦੇ ਨਾਲ ਲੱਗਦੇ ਖੇਤਾਂ ਵਿਚ ਆ ਗਿਆ। ਉਨ੍ਹਾਂ ਕਿਹਾ ਕਿ ਇਸ ਨਿਰਮਾਣ ਕੰਮ ਦੌਰਾਨ ਸੰਬੰਧਤ ਵਿਭਾਗ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਮੌਕੇ ’ਤੇ ਹਾਜ਼ਰ ਨਹੀਂ ਰਹਿੰਦਾ, ਜਦੋਂਕਿ ਇਸ ਬਾਰੇ ਉਹ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਨਿਰਮਾਣ ਕੰਮ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਜਦੋਂ ਇਸ ਸੰਬੰਧੀ ਨਹਿਰੀ ਵਿਭਾਗ ਤਿਓਣਾ ਉਪ ਮੰਡਲ ਦੇ ਐੱਸਡੀਓ ਸੁਖਪ੍ਰੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦੇ ਜੇਈ ਮੌਕੇ ’ਤੇ ਗਏ ਹਨ ਅਤੇ ਜਿਸ ਤਰ੍ਹਾਂ ਰਿਪੋਰਟ ਉਨ੍ਹਾਂ ਵੱਲੋਂ ਕੀਤੀ ਜਾਵੇਗੀ, ਉਸ ਅਨੁਸਾਰ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।