ਸਿਵਲ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਦਾ ਦੋਸ਼, ਨਹੀਂ ਹੋ ਰਹੀ ਸਿਹਤ ਜਾਂਚ
ਸਿਵਲ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਦੇ ਅਰੋਪ, ਨਹੀਂ ਹੋ ਰਹੀ ਸਿਹਤ ਜਾਂਚ, ਰੌਲਾ ਪਾਉਣ 'ਤੇ ਪੰਜਵੇਂ ਦਿਨ ਲਈ ਸਾਰ
Publish Date: Mon, 13 Apr 2026 04:18 PM (IST)
Updated Date: Mon, 13 Apr 2026 04:22 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਿਵਲ ਹਸਪਤਾਲ ਮੁਕਤਸਰ ’ਚ ਦਾਖ਼ਲ ਮਰੀਜ਼ਾਂ ਨੇ ਡਾਕਟਰਾਂ ਤੇ ਅਰੋਪ ਲਾਇਆ ਹੈ ਕਿ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵੱਲ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਡਾਕਟਰ ਪੰਜ-ਪੰਜ ਦਿਨਾਂ ਤੱਕ ਵੀ ਜਾਂਚ ਲਈ ਵਾਰਡਾਂ ਵਿੱਚ ਨਹੀਂ ਪਹੁੰਚ ਰਹੇ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੇ ਅਰੋਪ ਲਾਇਆ ਕਿ ਰੌਲਾ ਪਾਉਣ ਤੋਂ ਬਾਅਦ ਪੰਜਵੇਂ ਦਿਨ ਪੱਟੀ ਅਤੇ ਹੋਰ ਸਿਹਤ ਜਾਂਚ ਕੀਤੀ ਗਈ ਹੈ। ਹਸਪਤਾਲ ’ਚ ਦਾਖ਼ਲ ਜੀਵਨ ਸਿੰਘ ਵਾਸੀ ਕਰਮਪੁਰਾ ਬਸਤੀ ਨੇ ਦੱਸਿਆ ਕਿ ਉਹ ਪਿੰਡ ਦਾ ਪੰਚਾਇਤ ਮੈਂਬਰ ਹੈ ਅਤੇ ਆਮ ਆਦਮੀ ਪਾਰਟੀ ਦਾ ਸਮਰਥਕ ਹੈ। ਕੁਝ ਦਿਨ ਪਹਿਲਾਂ ਉਸਦਾ ਝਗੜਾ ਹੋ ਗਿਆ ਸੀ ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ ਅਤੇ ਉਸਦੀ ਬਾਂਹ ਫ੍ਰੈਕਚਰ ਹੋ ਗਈ। ਉਹ ਪੰਜ ਦਿਨਾਂ ਤੋਂ ਸਿਵਲ ਹਸਪਤਾਲ ’ਚ ਦਾਖ਼ਲ ਹੈ ਪਰ ਉਸਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਡਾਕਟਰ ਅਤੇ ਸਟਾਫ਼ ਕੋਈ ਪੁੱਛ-ਗਿੱਛ ਨਹੀਂ ਕਰਦੇ। ਉਸਨੇ ਦੱਸਿਆ ਕਿ ਮੇਰੀ ਬਾਂਹ ’ਚ ਬਹੁਤ ਦਰਦ ਹੋ ਰਿਹਾ ਹੈ, ਜਿਸ ਕਾਰਨ ਮੈਂ ਖ਼ੁਦ ਗੱਤਾ ਲਗਾ ਕੇ ਪੱਟੀ ਬੰਨ੍ਹ ਕੇ ਦਰਦ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਡਾਕਟਰਾਂ ਵੱਲੋਂ ਸਿਹਤ ਸਹੂਲਤਾਂ ਸਹੀ ਢੰਗ ਨਾਲ ਨਹੀਂ ਦਿੱਤੀਆਂ ਜਾ ਰਹੀਆਂ। ਉੱਪਰੋਂ ਮੈਨੂੰ ਕਿਹਾ ਜਾ ਰਿਹਾ ਹੈ ਕਿ ਪਲੇਟਾਂ ਪੈਣੀਆਂ ਹਨ ਅਤੇ ਉਹ ਬਾਹਰੋਂ ਲਿਆਉਣ ਲਈ ਕਿਹਾ ਜਾ ਰਿਹਾ ਹੈ, ਜਿਸ ਦਾ ਖ਼ਰਚਾ 20,000 ਰੁਪਏ ਤੋਂ ਵੱਧ ਦੱਸਿਆ ਜਾ ਰਿਹਾ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਪਲੇਟਾਂ ਕਿੱਥੋਂ ਮਿਲਣਗੀਆਂ। ਦਸ ਲੱਖ ਵਾਲਾ ਸਿਹਤ ਬੀਮਾ ਯੋਜਨਾ ਦਾ ਕਾਰਡ ਵੀ ਨਹੀਂ ਚਲਾਇਆ ਜਾ ਰਿਹਾ। ਹਸਪਤਾਲ ਵਿੱਚ ਦਾਖ਼ਲ ਇੱਕ ਹੋਰ ਮਰੀਜ਼ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਬੁੱਧਵਾਰ ਨੂੰ ਉਹ ਸਿਵਲ ਹਸਪਤਾਲ ਵਿੱਚ ਦਾਖ਼ਲ ਹੋਇਆ ਪਰ ਉਸਦਾ ਲਗਾਤਾਰ ਚੈੱਕਅਪ ਨਹੀਂ ਹੋ ਰਿਹਾ। ਅੱਜ ਪੰਜ ਦਿਨਾਂ ਬਾਅਦ ਪੱਟੀ ਕੀਤੀ ਗਈ ਹੈ। ਡਾਕਟਰ ਹਾਲ ਤੱਕ ਪੁੱਛਣ ਨਹੀਂ ਆ ਰਹੇ। ਅਮਨਦੀਪ ਵਾਸੀ ਲੱਖੇਵਾਲੀ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ। ਝਗੜੇ ਦੇ ਕੇਸ ਵਿੱਚ ਉਹ ਜ਼ਖ਼ਮੀ ਹੋਈ ਹੈ। ਇੱਥੇ ਸਹੀ ਇਲਾਜ ਨਹੀਂ ਮਿਲ ਰਿਹਾ ਅਤੇ ਅੱਜ ਤੀਜੇ ਦਿਨ ਡਾਕਟਰ ਨੇ ਸਾਰ ਲਈ ਹੈ। ਕਰਮਪੁਰਾ ਬਸਤੀ ਤੋਂ ਆਏ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉਸਦੇ ਸਿਰ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਤੇ ਸੱਟਾਂ ਲੱਗੀਆਂ ਹਨ, ਪਰ ਪੰਜ ਦਿਨਾਂ ਤੋਂ ਡਾਕਟਰਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਪੰਜਵੇਂ ਦਿਨ ਉਸਦੀ ਪੱਟੀ ਬਦਲੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੰਜ ਦਿਨਾਂ ਤੋਂ ਕੋਈ ਡਾਕਟਰ ਵਾਰਡ ਵਿੱਚ ਨਹੀਂ ਆਇਆ। ਜਦੋਂ ਰੌਲਾ ਪਾਇਆ ਤਾਂ ਪੰਜਵੇਂ ਦਿਨ ਮਰੀਜ਼ਾਂ ਦੀ ਪੱਟੀ ਕਰਨ ਆਏ ਹਨ। ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਪ੍ਰਸ਼ਾਸਨ ਅਤੇ ਸਰਕਾਰ ਨੂੰ ਅਜਿਹੇ ਲਾਪਰਵਾਹ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਮਰੀਜ਼ ਦਰਦ ਨਾਲ ਕਰਾਹ ਰਹੇ ਹਨ ਅਤੇ ਪੰਜਵੇਂ ਦਿਨ ਆ ਕੇ ਉਨ੍ਹਾਂ ਦੇ ਇੰਜੈਕਸ਼ਨ ਲਗਾਏ ਗਏ ਹਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਝਗੜੇ ਵਾਲੇ ਮਾਮਲਿਆਂ ਵਿੱਚ ਜ਼ਖ਼ਮੀ ਮਰੀਜ਼ਾਂ ਦੇ ਇਲਾਜ ਲਈ ਆਯੂਸ਼ਮਾਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਵੀ ਨਹੀਂ ਚਲਾਇਆ ਜਾ ਰਿਹਾ ਅਤੇ ਮਰੀਜ਼ਾਂ ਨੂੰ ਬਾਹਰੋਂ ਮਹਿੰਗੀਆਂ ਦਵਾਈਆਂ ਲਿਆਉਣ ਲਈ ਕਿਹਾ ਜਾ ਰਿਹਾ ਹੈ। ਮਰੀਜ਼ਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ : ਐੱਸਐੱਮਓ ਐੱਸਐੱਮਓ ਡਾ. ਰਾਜੀਵ ਸਚਦੇਵਾ ਨੇ ਦੱਸਿਆ ਕਿ ਅਜਿਹਾ ਨਹੀਂ ਹੈ। ਮਰੀਜ਼ਾਂ ਦਾ ਨਿਰੰਤਰ ਚੈੱਕਅਪ ਅਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਮਰੀਜ਼ ਨੇ ਬਾਂਹ ਤੇ ਗੱਤਾ ਬੰਨ੍ਹਿਆ ਹੋਇਆ ਹੈ, ਉਸਨੂੰ ਫੱਟੀ (Splint) ਦਿੱਤੀ ਗਈ ਸੀ ਅਤੇ ਪੱਟੀ ਨਾਲ ਬੰਨ੍ਹਿਆ ਸੀ, ਪਰ ਉਸਨੇ ਖ਼ੁਦ ਹੀ ਖੋਲ੍ਹ ਕੇ ਗੱਤਾ ਬੰਨ੍ਹ ਲਿਆ ਹੈ। ਸਬੰਧਤ ਡਾਕਟਰਾਂ ਨੂੰ ਸਖ਼ਤੀ ਨਾਲ ਕਹਿ ਦਿੱਤਾ ਗਿਆ ਹੈ ਕਿ ਕਿਸੇ ਵੀ ਮਰੀਜ਼ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।