ਮਾਘੀ ਕਾਨਫਰੰਸ ਪਾਰਟੀ ਦੀ ਚੋਣਾਂ ’ਚ ਜਿੱਤ ਦਾ ਰਾਹ ਪੱਧਰਾ ਕਰੇਗੀ : ਸੁਖਬੀਰ ਬਾਦਲ
ਅਕਾਲੀ ਦਲ ਦੀ ਮਾਘੀ ਮੇਲੇ ਕਾਨਫਰੰਸ ਸੂਬੇ ’ਚੋਂ ਆਪ ਦੀ ਰਾਜਸੱਤਾ ਦੀ ਸਮਾਪਤੀ ਦੀ ਸ਼ੁਰੂਆਤ ਕਰੇਗੀ : ਸੁਖਬੀਰ ਬਾਦਲ
Publish Date: Tue, 06 Jan 2026 09:18 PM (IST)
Updated Date: Tue, 06 Jan 2026 09:20 PM (IST)

ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਦੀ ਮਾਘੀ ਮੇਲੇ ਕਾਨਫਰੰਸ ਸੂਬੇ ਵਿਚੋਂ ਆਮ ਆਦਮੀ ਪਾਰਟੀ (ਆਪ) ਦੀ ਰਾਜਸੱਤਾ ਦੀ ਸਮਾਪਤੀ ਦੀ ਸ਼ੁਰੂਆਤ ਕਰੇਗੀ। ਇਥੇ ਬੱਲੂਆਣਾ, ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਸਾਹਨੇਵਾਲ ਅਤੇ ਕੋਟਕਪੁਰਾ ਵਿਖੇ ਪਾਰਟੀ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਆਪ ਦੇ ਰਾਜ ’ਚ ਸੂਬੇ ਵਿਚ ਕਾਨੂੰਨ ਵਿਵਸਥਾ ਦੇ ਢਹਿ ਢੇਰੀ ਹੋਣ ਤੋਂ ਬਹੁਤ ਔਖੇ ਹਨ। ਉਨ੍ਹਾਂ ਕਿਹਾ ਕਿ ਕਾਨਫਰੰਸ ਅਗਲੀ ਅਕਾਲੀ ਦਲ ਦੀ ਸਰਕਾਰ ਦਾ ਨੀਂਹ ਪੱਥਰ ਰੱਖੇਗੀ ਕਿਉਂਕਿ ਇਸਦੀ ਬਦੌਲਤ ਹੀ 2027 ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੱਝੇਗਾ। ਉਨ੍ਹਾਂ ਕਿਹਾ ਕਿ ਅੱਜ ਲੁਧਿਆਣਾ ’ਚ ਇਕ ਦੁਕਾਨ ਮਾਲਕ ਤੋਂ ਫਿਰੌਤੀ ਮੰਗਣ ਵਾਲਿਆਂ ਨੇ ਮਾਸਕ ਪਾ ਕੇ ਹਮਲਾ ਕੀਤਾ। 2 ਜਨਵਰੀ ਨੂੰ ਕਪੂਰਥਲਾ ਵਿਚ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ। 3 ਜਨਵਰੀ ਨੂੰ ਮੋਗਾ ਵਿਚ ਇਕ ਪੰਚਾਇਤ ਮੈਂਬਰ ਦਾ ਕਤਲ ਕਰ ਦਿੱਤਾ ਗਿਆ। 4 ਜਨਵਰੀ ਨੂੰ ਅੰਮ੍ਰਿਤਸਰ ਵਿਚ ਇਕ ਵਿਆਹ ਸਮਾਗਮ ਵਿਚ ਇਕ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ 5 ਜਨਵਰੀ ਨੂੰ ਜਗਰਾਓਂ ਵਿਚ ਇਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸੰਕੇਤ ਦਿੰਦੀਆਂ ਹਨ ਕਿ ‘ਆਪ’ ਸਰਕਾਰ ਦਾ ਕਾਨੂੰਨ ਵਿਵਸਥਾ ’ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਕ ਵੀ ਹੋਰ ਦਿਨ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰੀ ਨਹੀਂ ਹੈ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ, ਮਨਤਾਰ ਸਿੰਘ ਬਰਾੜ, ਨਰਦੇਵ ਸਿੰਘ ਬੌਬੀ ਮਾਨ ਸ਼ੇਰ ਸਿੰਘ ਮੰਡਵਾਲਾ, ਤੇਜਿੰਦਰ ਸਿੰਘ ਮਿੱਡੂਖੇੜਾ, ਪਵਨਪ੍ਰੀਤ ਸਿੰਘ ਬਾਦਲ, ਹਰਵਿੰਦਰ ਸਿੰਘ ਹੈਰੀ, ਗੁਰਤੇਜ ਸਿੰਘ ਘੁੜਿਆਣਾ ਅਤੇ ਸੰਪੂਰਨ ਸਿੰਘ ਸਮੇਤ ਹੋਰ ਆਗੂ ਵੀ ਹਾਜ਼ਰ ਸਨ ਜਿਨਾਂ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ।