ਜ਼ਿਲ੍ਹਾ ਸੁਧਾਰ ਘਰ ’ਚ ਵਿੱਢੀ ਤਲਾਸ਼ੀ ਮੁਹਿੰਮ
ਗੈਂਗਸਟਰਾਂ ਅਤੇ ਅਪਰਾਧਿਕ ਨੈਟਵਰਕਾਂ ਖ਼ਿਲਾਫ਼ ਕਾਰਵਾਈ
Publish Date: Fri, 13 Feb 2026 04:54 PM (IST)
Updated Date: Fri, 13 Feb 2026 04:57 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ, ਸ਼ਰਾਰਤੀ ਅਨਸਰਾਂ ਅਤੇ ਗੈਰਕਾਨੂੰਨੀ ਅਪਰਾਧਿਕ ਨੈਟਵਰਕਾਂ ਖ਼ਿਲਾਫ਼ ਚਲ ਰਹੀ ਸੂਬਾ ਪੱਧਰੀ ਮੁਹਿੰਮ “ਗੈਂਗਸਟਰਾਂ ਤੇ ਵਾਰ” ਦੇ ਤਹਿਤ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਆਈਪੀਐਸ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਵਿੱਚ ਇੱਕ ਵਿਸ਼ੇਸ਼ ਅਤੇ ਅਚਾਨਕ ਤਲਾਸ਼ੀ ਅਭਿਆਨ ਚਲਾਇਆ ਗਿਆ। ਇਹ ਕਾਰਵਾਈ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ, ਜੇਲ੍ਹ ਅੰਦਰ ਅਨੁਸ਼ਾਸਨ ਕਾਇਮ ਰੱਖਣ ਅਤੇ ਕਿਸੇ ਵੀ ਸੰਭਾਵੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਣ ਦੇ ਉਦੇਸ਼ ਨਾਲ ਕੀਤੀ ਗਈ। ਇਹ ਅਭਿਆਨ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੇ ਸਹਿਯੋਗ ਨਾਲ ਅਤੇ ਬਚਨ ਸਿੰਘ ਡੀਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਐਸਆਈ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ 150 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਰਹੇ। ਗੈਰਕਾਨੂੰਨੀ ਨੈਟਵਰਕਾਂ ’ਤੇ ਸਖ਼ਤ ਨਿਗਰਾਨੀ ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਜੇਲ੍ਹ ਅੰਦਰ ਬੰਦ ਕਿਸੇ ਵੀ ਅਪਰਾਧਿਕ ਤੱਤ ਨੂੰ ਬਾਹਰੀ ਸੰਪਰਕ ਬਣਾਉਣ ਜਾਂ ਗੈਰਕਾਨੂੰਨੀ ਸਰਗਰਮੀਆਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਦੋਹਰਾਇਆ ਕਿ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਲਈ ਇਸ ਤਰ੍ਹਾਂ ਦੀਆਂ ਅਚਾਨਕ ਸਰਚ ਅਤੇ ਤਲਾਸ਼ੀ ਮੁਹਿੰਮਾਂ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੀਆਂ। ਪੁਲਿਸ ਜਨਤਾ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। ਤਲਾਸ਼ੀ ਦੌਰਾਨ ਕੀਤੀਆਂ ਮੁੱਖ ਕਾਰਵਾਈਆਂ ਜੇਲ੍ਹ ਦੀਆਂ ਸਾਰੀਆਂ ਬੈਰਕਾਂ, ਵਾਰਡਾਂ ਅਤੇ ਸੰਵੇਦਨਸ਼ੀਲ ਥਾਵਾਂ ਦੀ ਗਹਿਰਾਈ ਨਾਲ ਜਾਂਚ। ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਅਤੇ ਸਮਾਨ ਦੀ ਬਰੀਕੀ ਨਾਲ ਚੈਕਿੰਗ। ਬਾਥਰੂਮ, ਸਟੋਰ, ਕੰਧਾਂ ਦੇ ਕੋਨੇ ਅਤੇ ਆਵਾਜਾਈ ਰਸਤੇ ਦੀ ਵਿਸ਼ੇਸ਼ ਜਾਂਚ। ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਜਾਣਕਾਰੀ ਇਕੱਤਰ ਕਰਨਾ।