ਘਰ ਨੂੰ ਅੱਗ ਲਗਾਉਣ ਵਾਲਾ ਮੁਲਜ਼ਮ ਛੇ ਘੰਟਿਆਂ ’ਚ ਕਾਬੂ
ਘਰ ਨੂੰ ਅੱਗ ਲਗਾਉਣ ਵਾਲਾ ਮੁਲਜ਼ਮ ਛੇ ਘੰਟਿਆਂ ’ਚ ਕੀਤਾ ਕਾਬੂ
Publish Date: Wed, 11 Feb 2026 05:30 PM (IST)
Updated Date: Wed, 11 Feb 2026 05:32 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਤਹਿਸੀਲ ਮਲੋਟ ਦੇ ਪਿੰਡ ਪੰਨੀਵਾਲਾ ਫੱਤਾ ਵਿਖੇ ਘਰ ਨੂੰ ਅੱਗ ਲਗਾਉਣ ਵਾਲੇ ਮੁਲਜ਼ਮ ਕੁਲਦੀਪ ਸਿੰਘ ਵਾਸੀ ਪਿੰਡ ਉੜਾਂਗ ਨੂੰ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਛੇ ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਧਰਮਿੰਦਰ ਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਉੜਾਂਗ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਇੱਕ 11 ਸਾਲ ਦਾ ਲੜਕਾ ਵੀ ਹੈ। ਇੱਕ ਸਾਲ ਪਹਿਲਾਂ ਦੋਹਾਂ ਜੀਆਂ ਦਾ ਆਪਸ ’ਚ ਬੋਲ ਚਾਲ ਹੋ ਗਿਆ ਅਤੇ ਧਰਮਿੰਦਰ ਜੀਤ ਕੌਰ ਆਪਣੀ ਪੇਕੇ ਪਿੰਡ ਪੰਨੀਵਾਲਾ ਫੱਤਾ ਵਿਖੇ ਕਿਰਾਏ ’ਤੇ ਮਕਾਨ ਲੈ ਕੇ ਬੱਚੇ ਸਮੇਤ ਰਹਿਣ ਲੱਗੀ। ਧਰਮਿੰਦਰਜੀਤ ਕੌਰ ਸਰਕਾਰੀ ਨਰਸ ਲੱਗੀ ਹੋਈ ਹੈ। 09 ਫਰਵਰੀ ਨੂੰ ਧਰਮਿੰਦਰ ਜੀਤ ਕੌਰ ਦੀ ਰਾਤ ਨੂੰ ਸੀਐੱਚਸੀ ਆਲਮ ਵਾਲਾ ਵਿਖੇ ਡਿਊਟੀ ਸੀ ਤਾਂ ਉਹ ਆਪਣੇ ਬੱਚੇ ਸਮੇਤ ਰਾਤ ਨੂੰ ਡਿਊਟੀ ’ਤੇ ਚਲੀ ਗਈ ਤਾਂ ਉਸਦਾ ਪਤੀ ਕੁਲਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਉੜਾਂਗ ਘਰ ਵਿੱਚ ਆਇਆ ਤਾਂ ਉਸ ਨੇ ਮੌਕਾ ਦੇਖ ਕੇ ਕੰਧ ਟੱਪ ਕੇ ਘਰ ਦਾ ਸਾਰਾ ਸਮਾਨ ਸਾੜ ਦਿੱਤਾ ਅਤੇ ਮਕਾਨ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਸੁਬਹਾ 6 ਵਜੇ ਧਰਮਿੰਦਰ ਜੀਤ ਦਾ ਚਚੇਰਾ ਭਾਈ ਜਸਵੰਤ ਸਿੰਘ ਮਕਾਨ ਦੇਖਣ ਆਇਆ ਤਾਂ ਮਕਾਨ ਸੜਿਆ ਹੋਇਆ ਸੀ ਅਤੇ ਘਰੋਂ ਕੁਲਦੀਪ ਸਿੰਘ ਤੇਜੀ ਨਾਲ ਬਾਹਰ ਆ ਰਿਹਾ ਸੀ। ਉਸਨੇ ਜਸਵੰਤ ਸਿੰਘ ਨੂੰ ਕਿਹਾ ਕਿ ਮੈਂ ਘਰ ਸਾੜਿਆ ਹੈ, ਇਸਤੋਂ ਬਾਅਦ ਮੈਂ ਧਰਮਿੰਦਰ ਜੀ ਕੌਰ ਅਤੇ ਲੜਕੇ ਨੂੰ ਵੀ ਸਾੜ ਦੇਵਾਂਗਾ ਅਤੇ ਕਾਹਲੀ ਨਾਲ ਮੋਟਰਸਾਈਕਲ ਸਟਾਰਟ ਕਰਕੇ ਚਲਾ ਗਿਆ। ਜਸਵੰਤ ਸਿੰਘ ਅਤੇ ਉਸਦੀ ਭੈਣ ਨੇ ਪੁਲਿਸ ਚੌਂਕੀ ਪੰਨੀ ਵਾਲਾ ਫੱਤਾ ਵਿਖੇ ਇਤਲਾਹ ਦਿੱਤੀ ਅਤੇ ਥਾਣਾ ਕਬਰ ਵਾਲਾ ਇਤਲਾਹ ਕੀਤੀ ਤਾਂ ਥਾਣਾ ਕਬਰ ਵਾਲਾ ਦੇ ਐਸਐਚਓ ਮੈਡਮ ਹਰਪ੍ਰੀਤ ਕੌਰ ਅਤੇ ਚੌਕੀ ਇੰਚਾਰਜ ਵੇਦ ਪ੍ਰਕਾਸ਼ ਤੁਰੰਤ ਮੌਕੇ ’ਤੇ ਪਹੁੰਚ ਗਏ। ਦੋਵਾਂ ਅਫਸਰਾਂ ਨੇ ਬੜੀ ਭੱਜ ਦੌੜ ਤੋਂ ਬਾਅਦ ਸਿਰਫ ਛੇ ਘੰਟਿਆਂ ’ਚ ਮੁਲਜਮ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਪੁਲਿਸ ਕੋਲ ਗੁਨਾਹ ਕਬੂਲ ਕਰ ਲਿਆ। ਚੌਕੀ ਇੰਚਾਰਜ ਵੇਦ ਪ੍ਰਕਾਸ਼ ਨੇ ਐਸਐਚਓ ਮੈਡਮ ਦੀ ਹਦਾਇਤ ਤੇ ਕੁਲਦੀਪ ਸਿੰਘ ਤੇ ਧਾਰਾ 332(3) 326 (G)351(2)(3)324 ਬੀਐਨਐਸ ਮਿਤੀ 10 ਫਰਵਰੀ 2026 ਦਰਜ ਕਰ ਦਿੱਤਾ। ਅੱਜ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।