ਸ਼ੋ੍ਮਣੀ ਅਕਾਲੀ ਦਲ ਦੀ ਰੈਲੀ ’ਚ ਬਿਜਲੀ ਚੋਰੀ ਦਾ ਇਲਜ਼ਾਮ
ਸ਼ੋ੍ਮਣੀ ਅਕਾਲੀ ਦਲ ਦੀ ਰੈਲੀ ’ਚ ਬਿਜਲੀ ਚੋਰੀ ਦਾ ਇਲਜ਼ਾਮ, ਸੀਐਮ ਬੋਲੇ- ਐਫਆਈਆਰ ਦਰਜ ਕਰਵਾਵਾਂਗੇ
Publish Date: Mon, 06 Apr 2026 06:38 PM (IST)
Updated Date: Mon, 06 Apr 2026 06:40 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਸ਼ੋ੍ਮਣੀ ਅਕਾਲੀ ਦਲ ਦੀ ਮਲੋਟ ਰੋਡ ’ਤੇ ਹੋਈ ‘ਪੰਜਾਬ ਬਚਾਓ ਰੈਲੀ’ ’ਚ ਟ੍ਰਾਂਸਫਾਰਮਰ ’ਤੇ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਚਰਚਾ ’ਚ ਆ ਗਿਆ ਹੈ। ਦੂਜੇ ਪਾਸੇ ਪਟਿਆਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੀ ਰੈਲੀ ’ਚ ਪਾਵਰਕਾਮ ਨੇ ਕੁੰਡੀ ਫੜੀ ਹੈ ਅਤੇ ਇਸ ਮਾਮਲੇ ’ਚ ਐਫਆਈਆਰ (FIR) ਦਰਜ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਮੁਕਤਸਰ ਵਿੱਚ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਰੈਲੀ ਕੀਤੀ ਗਈ ਸੀ, ਜਿਸਨੂੰ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ। ਪਰ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਕੁੰਡੀ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਪਾਵਰਕਾਮ ਦੇ ਐਸਈ ਬਾਬੂ ਲਾਲ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਤੁਰੰਤ ਟੀਮ ਭੇਜੀ ਗਈ ਸੀ ਅਤੇ ਮੌਕੇ ਦੀ ਵੀਡੀਓ ਬਣਾਈ ਗਈ। ਹਾਲਾਂਕਿ ਉਨ੍ਹਾਂ ਨੂੰ ਅਜਿਹਾ ਕੁਝ ਨਜ਼ਰ ਨਹੀਂ ਆਇਆ, ਫਿਰ ਵੀ ਟੀਮ ਨਾਲ ਗੱਲ ਕਰਕੇ ਰਿਪੋਰਟ ਲਈ ਜਾਵੇਗੀ। ਓਧਰ ਜਿਸ ਇਲਾਕੇ ਵਿੱਚ ਇਹ ਰੈਲੀ ਹੋਈ, ਉੱਥੋਂ ਦੇ ਸਬੰਧਤ ਐਸਡੀਓ ਫ਼ੋਨ ਨਹੀਂ ਚੁੱਕ ਰਹੇ। ਪਟਿਆਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਚੋਰੀ ਦੇ ਮਾਮਲੇ ’ਚ ਕਾਰਵਾਈ ਅਤੇ ਐਫਆਈਆਰ ਦਰਜ ਕਰਨ ਦੇ ਬਿਆਨ ਤੋਂ ਬਾਅਦ ਮੁਕਤਸਰ ’ਚ ਇਹ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਹੈ।
ਬਿਜਲੀ ਚੋਰੀ ਦਾ ਇਲਜ਼ਾਮ ਝੂਠਾ : ਰੋਜ਼ੀ ਬਰਕੰਦੀ
ਸਾਬਕਾ ਵਿਧਾਇਕ ਅਤੇ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਰੈਲੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁੰਡੀ ਨਹੀਂ ਲਗਾਈ ਗਈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਪਹਿਲਾਂ ਸੱਚਾਈ ਦਾ ਪਤਾ ਕਰ ਲਿਆ ਕਰਨ, ਫਿਰ ਬਿਆਨ ਦਿਆ ਕਰਨ, ਉਹ ਯੂ-ਟਰਨ ਵੀ ਬਹੁਤ ਜਲਦੀ ਲੈ ਲੈਂਦੇ ਹਨ। ਰੋਜ਼ੀ ਬਰਕੰਦੀ ਨੇ ਸਪੱਸ਼ਟ ਕੀਤਾ ਕਿ ਰੈਲੀ ਵਾਲੀ ਥਾਂ ਦੇ ਕੋਲ ਇੱਕ ਕ੍ਰਿਕਟ ਅਕੈਡਮੀ ਹੈ ਜਿੱਥੇ ਬੱਚੇ ਪ੍ਰੈਕਟਿਸ ਕਰਦੇ ਹਨ। ਕੋਚ ਅਤੇ ਬੱਚੇ ਐਸਜੀਪੀਸੀ ਦਾ ਗਰਾਊਂਡ ਇਸਤੇਮਾਲ ਕਰਦੇ ਹਨ। ਉਨ੍ਹਾਂ ਨੇ ਰਾਤ ਨੂੰ ਲਾਈਟ ਜਗਾਉਣ ਲਈ ਕੁਨੈਕਸ਼ਨ ਲਿਆ ਹੋਇਆ ਹੈ ਜਾਂ ਕੁਝ ਹੋਰ ਇੰਤਜ਼ਾਮ ਕੀਤਾ ਹੈ, ਇਸ ਬਾਰੇ ਉਹ ਜਾਣਦੇ ਹੋਣਗੇ। ਅਕਾਲੀ ਦਲ ਦੀ ਇੰਨੀ ਵੱਡੀ ਰੈਲੀ ਕੁੰਡੀ ’ਤੇ ਨਹੀਂ ਚੱਲਦੀ। ਅਸੀਂ ਆਪਣਾ ਪੂਰਾ ਇੰਤਜ਼ਾਮ ਕਰਕੇ ਰੱਖਦੇ ਹਾਂ। ਮੁੱਖ ਮੰਤਰੀ ਵੱਲੋਂ ਲਗਾਏ ਗਏ ਇਲਜ਼ਾਮ ਬਿਲਕੁਲ ਝੂਠੇ ਹਨ।