ਔਰਤਾਂ ਨੂੰ ਮਿਲੇ ਮਾਨ-ਸਨਮਾਨ ਦੀ ਖੁਸ਼ੀ ’ਚ ਕੱਢੀ ਜਾਗੋ
ਔਰਤਾਂ ਨੂੰ ਮਿਲੇ ਮਾਨ-ਸਨਮਾਨ ਦੀ ਖੁਸ਼ੀ ’ਚ ਗਿੱਦੜਬਾਹਾ ਸ਼ਹਿਰ ’ਚ ਕੱਢੀ ਜਾਗੋ
Publish Date: Sat, 14 Mar 2026 05:41 PM (IST)
Updated Date: Sat, 14 Mar 2026 05:42 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਕੀਤੇ ਗਏ ਮਾਨ-ਸਨਮਾਨ ਦੇ ਐਲਾਨ ਦੀ ਖੁਸ਼ੀ ’ਚ ਗਿੱਦੜਬਾਹਾ ਸ਼ਹਿਰ ’ਚ ਆਮ ਆਦਮੀ ਪਾਰਟੀ ਦੀਆਂ ਔਰਤਾਂ ਵੱਲੋਂ ਵਿਸ਼ੇਸ਼ ਜਾਗੋਂ ਕੱਢ ਕੇ ਖੁਸ਼ੀ ਮਨਾਈ ਗਈ। ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਦੀਆਂ ਐੱਸਸੀ ਵਰਗ ਨਾਲ ਸਬੰਧਿਤ ਔਰਤਾਂ ਨੂੰ 1500 ਰੁਪਏ ਅਤੇ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ ਔਰਤਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਗਿੱਦੜਬਾਹਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀਆਂ ਔਰਤਾਂ ਵੱਲੋਂ ਇਕ ਵਿਸ਼ੇਸ਼ ਜਾਗੋਂ ਕੱਢੀ ਗਈ ਦੀ ਸ਼ੁਰੂਆਤ ਅਮਾਨਤ ਕੌਰ ਢਿੱਲੋਂ ਵੱਲੋਂ ਕਰਵਾਈ ਗਈ। ਔਰਤਾਂ ਨੇ ਢੋਲ-ਢਮੱਕਿਆਂ ਨਾਲ ਖੁਸ਼ੀ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਔਰਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਹਲਕਾ ਗਿੱਦੜਬਾਹਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਔਰਤਾਂ ਨੂੰ ਇਸ ਤਰ੍ਹਾਂ ਦਾ ਵੱਡਾ ਮਾਨ-ਸਨਮਾਨ ਦਿੱਤਾ ਗਿਆ ਹੈ, ਜਿਸ ਨਾਲ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤੀ ਮਿਲੇਗੀ ਅਤੇ ਉਨ੍ਹਾਂ ਦੀ ਸਮਾਜ ’ਚ ਸਥਿਤੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੀਆਂ ਔਰਤਾਂ ’ਚ ਨਵੀਂ ਉਮੀਦ ਜਾਗੀ ਹੈ ਅਤੇ ਔਰਤਾਂ ਸਰਕਾਰ ਦੇ ਇਸ ਫੈਸਲੇ ਦੀ ਖੁੱਲ੍ਹ ਕੇ ਸ਼ਲਾਘਾ ਕਰ ਰਹੀਆਂ ਹਨ।