ਛੋਟੀ ਜਿਹੀ ਗੱਲ 'ਤੇ ਵੱਡੀ ਵਾਰਦਾਤ: ਅੱਗ ਬਾਲਣ ਦੇ ਵਿਵਾਦ ਨੇ ਉਜਾੜਿਆ ਘਰ, ਗੁਆਂਢੀ ਬਣਿਆ ਜਾਨ ਦਾ ਦੁਸ਼ਮਣ
ਇੱਥੋਂ ਨੇੜਲੇ ਪਿੰਡ ਮੱਲਣ ’ਚ ਮੰਗਲਵਾਰ ਰਾਤ ਨੂੰ ਇੱਕ ਮਾਮੂਲੀ ਝਗੜਾ ਉਸ ਸਮੇਂ ਖੂਨੀ ਝੜਪ ’ਚ ਬਦਲ ਜਦ ਇੱਕ ਗੁਆਂਢੀ ਨੇ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਿਆ। ਓਧਰ ਥਾਣਾ ਕੋਟਭਾਈ ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਮੱਲਣ ਦਾ ਰਹਿਣ ਵਾਲਾ ਸੀ ਤੇ ਅਣਵਿਆਹਿਆ ਸੀ।
Publish Date: Wed, 04 Feb 2026 03:28 PM (IST)
Updated Date: Wed, 04 Feb 2026 03:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਇੱਥੋਂ ਨੇੜਲੇ ਪਿੰਡ ਮੱਲਣ ’ਚ ਮੰਗਲਵਾਰ ਰਾਤ ਨੂੰ ਇੱਕ ਮਾਮੂਲੀ ਝਗੜਾ ਉਸ ਸਮੇਂ ਖੂਨੀ ਝੜਪ ’ਚ ਬਦਲ ਜਦ ਇੱਕ ਗੁਆਂਢੀ ਨੇ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਿਆ। ਓਧਰ ਥਾਣਾ ਕੋਟਭਾਈ ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਮੱਲਣ ਦਾ ਰਹਿਣ ਵਾਲਾ ਸੀ ਤੇ ਅਣਵਿਆਹਿਆ ਸੀ।
ਥਾਣਾ ਕੋਟਭਾਈ ਐਸਐਚਓ ਦੀਪਿਕਾ ਕੰਬੋਜ ਨੇ ਦੱਸਿਆ ਕਿ ਮੱਲਣ ਦੀ ਰਹਿਣ ਵਾਲੀ ਜਰਨੈਲ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਹੈ ਕਿ ਉਸਦਾ ਪੁੱਤਰ ਗੁਰਪ੍ਰੀਤ ਸਿੰਘ (40) ਅਤੇ ਉਸਦਾ ਗੁਆਂਢੀ ਅਰੀਮਤ ਖਾਨ ਮੰਗਲਵਾਰ ਰਾਤ ਨੂੰ ਆਪਣੇ ਘਰ ਦੇ ਸਾਹਮਣੇ ਅੱਗ ਬਾਲ ਕੇ ਸੇਕ ਰਹੇ ਸਨ। ਦੋਵੇਂ ਦੋਸਤ ਸਨ ਅਤੇ ਇਕੱਠੇ ਰੋਜ਼ਾਨਾ ਅੱਗ ਬਾਲਦੇ ਸਨ। ਬੀਤੀ ਰਾਤ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਘਟਨਾ ਦੌਰਾਨ ਅਰੀਮਤ ਖਾਨ ਨੇ ਗੁਰਪ੍ਰੀਤ ਸਿੰਘ ਦੀ ਲੱਤ 'ਤੇ ਤੇਜ਼ਧਾਰ ਹਥਿਆਰ (ਨੁਕੀਲੀ ਵਸਤੂ) ਨਾਲ ਵਾਰ ਕੀਤਾ।
ਹਮਲੇ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲਿਜਾਇਆ ਗਿਆ, ਜਿੱਥੇ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ 'ਤੇ ਅਰੀਮਤ ਖਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।