ਵਟਸਐਪ ਕਾਲ ਕਰ ਕੇ ਮੰਗੀ ਫਿਰੌਤੀ, ਦੋ ਵਿਰੁੱਧ ਪਰਚਾ ਦਰਜ
ਵਟਸਐਪ ਕਾਲ ਕਰਕੇ ਮੰਗੀ ਇਕ ਲੱਖ ਰੁਪਏ ਦੀ ਫਿਰੌਤੀ, ਦੋ ਲੋਕਾਂ ਵਿਰੁੱਧ ਪਰਚਾ ਦਰਜ਼
Publish Date: Sat, 14 Mar 2026 06:00 PM (IST)
Updated Date: Sat, 14 Mar 2026 06:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਵਟਸਐਪ ਕਾਲ ਕਰ ਕੇ ਇਕ ਲੱਖ ਰੁਪਏ ਦੀ ਫਿਰੌਤੀ ਮੰਗਣ ’ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਦਕਿ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਥਾਣਾ ਸਿਟੀ ਮਲੋਟ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜਤਿੰਦਰ ਸਿੰਘ ਵਾਸੀ ਪਟੇਲ ਨਗਰ ਮਲੋਟ ਨੇ ਦੱਸਿਆ ਕਿ ਸਾਡੀ ਪਿੰਡ ਪੰਨੀਵਾਲਾ ਫੱਤਾ ’ਚ ਬਲਜਿੰਦਰ ਸਿੰਘ ਜਵੈਲਰਜ ਨਾਮ ’ਤੇ ਸੋਨੇ ਦੀ ਦੁਕਾਨ ਹੈ। ਮਿਤੀ 08.03.2026 ਐਤਵਾਰ ਨੂੰ ਉਸ ਦਾ ਭਤੀਜਾ ਗਗਨਦੀਪ ਸਿੰਘ ਆਪਣੇ ਘਰ ’ਚ ਸੀ ਤਾਂ ਰਾਤ ਵਕਤ ਕਰੀਬ 11.30 ਵਜੇ ਉਸ ਦੇ ਮੋਬਾਈਲ ਨੰਬਰ ’ਤੇ ਇਕ ਨੰਬਰ ਤੋਂ ਵਟਸਐਪ ਕਾਲ ਆਈ ਕਿ ਸਾਨੂੰ 01 ਲੱਖ ਰੁਪਏ ਦਿਓ ਨਹੀਂ ਤਾਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ। ਫਿਰ 10.03.2026 ਨੂੰ ਕਰੀਬ 08.30 ਪੀਐੱਮ ’ਤੇ ਉਕਤ ਨੰਬਰ ਤੋਂ ਉਸ ਦੇ ਭਤੀਜੇ ਗਗਨਦੀਪ ਸਿੰਘ ਦੇ ਨੰਬਰ ’ਤੇ ਵਟਸਐਪ ਕਾਲ ਆਈਆਂ ਜਿਨ੍ਹਾਂ ਨੇ ਉਸ ਦੇ ਭਤੀਜੇ ਗਗਨਦੀਪ ਸਿੰਘ ਪਾਸੋਂ ਇੱਕ ਲੱਖ ਰੁਪਏ ਦੀ ਦੁਬਾਰਾ ਮੰਗੇ ਤਾਂ ਉਸ ਨੂੰ ਉਸ ਦੇ ਭਤੀਜੇ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਉਹ ਪਹਿਲਾਂ ਹੀ ਕਰਜਾਈ ਹੈ, ਇੰਨਾ ਕਹਿ ਕੇ ਉਸ ਦੇ ਭਤੀਜੇ ਨੇ ਫੋਨ ਕੱਟ ਦਿੱਤਾ। ਫਿਰ 13.03.2026 ਨੂੰ ਸਵੇਰੇ 03.51 ਵਜੇ ਉਸ ਦੇ ਭਤੀਜੇ ਦੇ ਮੋਬਾਈਲ ’ਤੇ ਵਟਸਐਪ ’ਤੇ ਮੈਸਜ਼ ਕੀਤਾ ਕਿ ਉਹ ਸਾਡੀ ਗੱਲ ਨਹੀਂ ਸਮਝਿਆ ਹੁਣ ਉਸ ਨੂੰ ਅਸੀਂ ਆਪਣੇ ਹਿਸਾਬ ਨਾਲ ਸਮਝਾਵਾਂਗੇ। ਆਪਣੇ ਨਾਲ-ਨਾਲ ਆਪਣੇ ਪਰਿਵਾਰ ਦਾ ਵੀ ਨੁਕਸਾਨ ਕਰਵਾਂਏਗਾ। ਜੇਕਰ ਪੈਸੇ ਦੇ ਦੇਵੇਗਾ ਤਾਂ ਚੰਗਾ ਰਹੇਗਾ ਪਰ ਉਸ ਦਾ ਭਤੀਜਾ ਬਹੁਤ ਜ਼ਿਆਦਾ ਘਬਰਾ ਗਿਆ ਸੀ ਤੇ ਅੱਗੋਂ ਕੋਈ ਵੀ ਰਿਪਲਾਈ ਨਹੀਂ ਕੀਤਾ। ਜਿਸ ਨੇ ਸਾਰੀ ਗੱਲ ਉਸ ਨੂੰ ਦੱਸੀ। ਸਾਨੂੰ ਸ਼ੱਕ ਹੈ ਕਿ ਇਹ ਫਿਰੌਤੀ ਵਾਲੇ ਯੋਗਰਾਜ ਸਿੰਘ ਉਰਫ ਜੋਗੀ ਵਾਸੀ ਕੋਹਾੜਾ ਨੇੜੇ ਮੇਨ ਚੌਕ ਮਾਛੀਮਾੜਾ ਰੋਡ ਹਾਲ ਪਿੰਡ ਰਾਣੀਵਾਲਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਫਹਿਤਵਨ ਪੰਜਤੂਰ ਜ਼ਿਲ੍ਹਾ ਮੋਗਾ ਦੇ ਵਿਅਕਤੀ ਨੇ ਵਟਸਐਪ ਕਾਲਾ ਅਤੇ ਮੈਸੈਜ ਭੇਜ ਕੇ ਉਸ ਦੇ ਭਤੀਜੇ ਗਗਨਦੀਪ ਸਿੰਘ ਤੋਂ ਇਕ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਮਲੋਟ ਪੁਲਿਸ ਨੇ ਯੋਗਰਾਜ ਸਿੰਘ ਉਰਫ ਜੋਗੀ ਵਾਸੀ ਕੋਹਾੜਾ ਨੇੜੇ ਮੇਨ ਚੌਕ ਮਾਛੀਮਾੜਾ ਰੋਡ ਹਾਲ ਪਿੰਡ ਰਾਣੀਵਾਲਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਫਹਿਤਵਨ ਪੰਜਤੂਰ ਜ਼ਿਲ੍ਹਾ ਮੋਗਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ, ਜਦਕਿ ਗ੍ਰਿਫ਼ਤਾਰੀ ਹਾਲੇ ਬਾਕੀ ਹੈ।