ਵਿਧਾਇਕ ਕਾਕਾ ਬਰਾੜ ਤੇ ਮੁੱਖ ਮੰਤਰੀ ਖੇਤਰੀ ਅਫ਼ਸਰ ਨੂੰ ਮੰਗ ਪੱਤਰ ਸੌਂਪਿਆ
ਵਿਧਾਇਕ ਕਾਕਾ ਬਰਾੜ ਤੇ ਮੁੱਖ ਮੰਤਰੀ ਖੇਤਰੀ ਅਫ਼ਸਰ ਨੂੰ ਮੰਗ ਪੱਤਰ ਸੌਂਪਿਆ
Publish Date: Tue, 20 Jan 2026 05:36 PM (IST)
Updated Date: Tue, 20 Jan 2026 05:39 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਈਟੀਟੀ ਕੇਡਰ ਅਤੇ ਪੀਐੱਸਟੀਈਟੀ ਪਾਸ ਬੇਰੁਜ਼ਗਾਰ ਵਿਦਿਆਰਥੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਮੁੱਖ ਮੰਤਰੀ ਖੇਤਰੀ ਅਫ਼ਸਰ ਸ਼ਿਵਾਂਸ਼ ਅਸਥਾਨਾ (ਆਈਏਐਸ) ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਵਿਦਿਆਰਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਈਟੀਟੀ ਕਾਡਰ ਦੀਆਂ ਖਾਲੀ ਪਈਆਂ ਅਸਾਮੀਆਂ ਜਲਦ ਤੋਂ ਜਲਦ ਜਾਰੀ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਵਿਦਿਆਰਥੀਆਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੱਢੀਆਂ ਗਈਆਂ 6635, 5994 ਅਤੇ 2364 ਈਟੀਟੀ ਅਸਾਮੀਆਂ ਤੋਂ ਇਲਾਵਾ ਵੀ ਪੰਜਾਬ ਭਰ ’ਚ ਲਗਭਗ 8000 ਤੋਂ 10000 ਤੱਕ ਈਟੀਟੀ ਕਾਡਰ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਹ ਉਪਰ ਲਿਖੀਆਂ ਅਸਾਮੀਆਂ 2023 ਤੋਂ ਪਹਿਲਾਂ ਦੀਆਂ ਹਨ 2023 ਤੋਂ ਬਾਅਦ ਈਟੀਟੀ ਅਧਿਆਪਕ ਦੀ ਕੋਈ ਵੀ ਅਸਾਮੀ ਕੱਢੀ ਨਹੀ ਗਈ ਪਰ ਇਸਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਨੀਤੀ ਨਹੀਂ ਬਣਾਈ ਗਈ। ਪੀਐੱਸਟੀਈਟੀ ਪਾਸ ਹੋਣ ਦੇ ਬਾਵਜੂਦ ਵੀ ਨੌਜਵਾਨਾਂ ਨੂੰ ਤਿੰਨ ਸਾਲਾਂ ਤੋ ਰੁਜ਼ਗਾਰ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ’ਚ ਭਾਰੀ ਨਿਰਾਸ਼ਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਇਹ ਵੀ ਮੰਗ ਰੱਖੀ ਕਿ ਈਟੀਟੀ ਭਰਤੀ ਦੌਰਾਨ ਵੇਟਿੰਗ ਲਿਸਟ ਨੂੰ ਵੀ ਬਹਾਲ ਕੀਤਾ ਜਾਵੇ, ਤਾਂ ਜੋ ਖਾਲੀ ਰਹਿ ਜਾਂਦੀਆਂ ਅਸਾਮੀਆਂ ਯੋਗ ਉਮੀਦਵਾਰਾਂ ਨਾਲ ਭਰੀਆਂ ਜਾ ਸਕਣ ਅਤੇ ਕਿਸੇ ਨਾਲ ਬੇਇਨਸਾਫ਼ੀ ਨਾ ਹੋਵੇ। ਮੰਗ ਪੱਤਰ ਸੌਂਪਣ ਸਮੇਂ ਪਵਿੱਤਰ ਸਿੰਘ, ਰਿਧਮ ਕੱਕੜ, ਸ਼ਿਵਮ ਕੱਕੜ, ਅਭਿਨਵ ਚਾਵਲਾ, ਬੰਟੀ ਗੁਪਤਾ,ਰਣਵੀਰ ਸਿੰਘ ਅਤੇ ਜਸਪਾਲ ਸਿੰਘ ਸਮੇਤ ਹੋਰ ਬੇਰੋਜ਼ਗਾਰ ਵਿਦਿਆਰਥੀ ਮੌਜੂਦ ਸਨ। ਇਸ ਤੋਂ ਇਲਾਵਾ ਲਗਭਗ 20 ਹੋਰ ਵਿਦਿਆਰਥੀਆਂ ਦੇ ਦਸਤਖਤ ਵੀ ਮੰਗ ਪੱਤਰ ’ਤੇ ਕੀਤੇ ਗਏ। ਵਿਦਿਆਰਥੀਆਂ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਮੁੱਖ ਮੰਤਰੀ ਖੇਤਰੀ ਅਫ਼ਸਰ ਸ਼ਿਵਾਂਸ਼ ਅਸਥਾਨਾਂ (ਆਈਏਐਸ) ਤੋਂ ਉਮੀਦ ਜਤਾਈ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਜਲਦ ਤੋਂ ਜਲਦ ਹੱਲ ਕਰਵਾਉਣਗੇ, ਤਾਂ ਜੋ ਬੇਰੋਜ਼ਗਾਰ ਨੌਜਵਾਨਾਂ ਨੂੰ ਇਨਸਾਫ਼ ਮਿਲ ਸਕੇ।