ਗੁਰੂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ : ਭਾਈ ਮੰਗਲ ਸਿੰਘ
ਗੁਰੂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ : ਭਾਈ ਮੰਗਲ ਸਿੰਘ
Publish Date: Mon, 06 Apr 2026 03:25 PM (IST)
Updated Date: Mon, 06 Apr 2026 03:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੋਨਿਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਭੰਡਾਰਾ ਕੀਤਾ ਗਿਆ। ਇਸ ਮੌਕੇ ਸ੍ਰੀ ਆਸ਼ੂਤੋਸ਼ ਮਹਾਰਾਜ ਦੇ ਸੇਵਕ ਭਾਈ ਮੰਗਲ ਸਿੰਘ ਨੇ ਕਥਾ ਦੇ ਦੁਆਰਾ ਆਈ ਸੰਗਤ ਨੂੰ ਗੁਰੂ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਨੇ ਗੁਰੂ ਮਹਿਮਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਰੂ ਦੀ ਮਹਿਮਾ ਅਪਰੰਪਾਰ ਹੈ। ਉਨ੍ਹਾਂ ਉਦਾਹਰਨ ਦੇ ਕੇ ਸਮਝਾਉਂਦੇ ਹੋਏ ਕਿਹਾ ਕਿ ਜੇਕਰ ਸਾਰੇ ਸਮੁੰਦਰਾਂ ਜਿੰਨੀ ਸਿਆਹੀ ਇਕੱਠੀ ਕੀਤੀ ਜਾਏ ਤਾਂ ਵੀ ਗੁਰੂ ਦੀ ਮਹਿਮਾ ਪੂਰੀ ਤਰ੍ਹਾਂ ਲਿਖੀ ਨਹੀਂ ਜਾ ਸਕਦੀ। ਗੁਰੂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਧੰਨਤਾ ਦੇ ਯੋਗ ਹਨ ਜਿਨ੍ਹਾਂ ਨੂੰ ਗੁਰੂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗੁਰੂ ਦੀ ਸੇਵਾ ਦੇ ਨਾਲ ਮਨੁੱਖ ਦੇ ਜਨਮਾਂ ਜਨਮਾਂ ਦੇ ਬੁਰੇ ਕਰਮ ਕੱਟੇ ਜਾਂਦੇ ਹਨ। ਮਨ ਦੀ ਮਲੀਨਤਾ ਸਾਫ ਹੁੰਦੀ ਹੈ। ਭਾਈ ਮੰਗਲ ਸਿੰਘ ਨੇ ਗੁਰੂ ਭਗਤਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਨ੍ਹਾਂ ਦੁਆਰਾ ਕੀਤੀ ਸੇਵਾ ਸਾਡੇ ਲਈ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਗੁਰੂ ਦੀ ਸੁਰੱਖਿਆ ਹੇਠ ਆਉਣ ਤੋਂ ਬਾਅਦ ਹੀ ਇੱਕ ਸਾਧਕ ਜਮੀਰ ਅਤੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਦਾ ਅਨੁਭਵ ਕਰਦਾ ਹੈ ਅਤੇ ਬ੍ਰਹਮ ਦਾ ਅਨੁਭਵੀ ਗਿਆਨ ਪ੍ਰਾਪਤ ਕਰਦਾ ਹੈ। ਇਸ ਮੌਕੇ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਅੱਜ ਦੇ ਸਮੇਂ ਵਿੱਚ ਸੰਸਾਰ ਤੇ ਬਹੁਤ ਸਾਰੇ ਗੁਰੂ ਹਨ। ਝੂਠੇ ਵੀ ਹਨ ਅਤੇ ਸੱਚੇ ਵੀ ਹਨ। ਉਨ੍ਹਾਂ ਨੇ ਸੱਚੇ ਗੁਰੂ ਦੀ ਪਛਾਣ ਦੱਸਦੇ ਕਿਹਾ ਕਿ ਜੋ ਗੁਰੂ ਮਨੁੱਖ ਦੇ ਹਿਰਦੇ ’ਚ ਪਰਮਾਤਮਾ ਦਾ ਦਰਸ਼ਨ ਕਰਵਾ ਦੇਵੇ ਉਹੀ ਸੱਚਾ ਗੁਰੂ ਹੈ। ਸਾਰੇ ਧਾਰਮਿਕ ਗ੍ਰੰਥ ਵੀ ਇਸੇ ਗੱਲ ਦੀ ਗਵਾਹੀ ਭਰਦੇ ਹਨ। ਸੱਚਾ ਗੁਰੂ ਹੀ ਮਨੁੱਖ ਨੂੰ ਭਵਸਾਗਰ ਤੋਂ ਪਾਰ ਕਰਵਾ ਸਕਦਾ ਹੈ। ਇਸ ਲਈ ਮਨੁੱਖ ਨੂੰ ਅਜਿਹੇ ਗੁਰੂ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਲਹਾਰੇ ਜਾਣਾ ਚਾਹੀਦਾ ਹੈ। ਇਸ ਸਮਾਗਮ ’ਚ ਭਾਈ ਰਣਜੀਤ ਸਿੰਘ ਜੀ, ਭਾਈ ਹਰਦੀਪ ਸਿੰਘ ਜੀ ਅਤੇ ਭਾਈ ਜਸਪਾਲ ਸਿੰਘ ਜੀ ਦੁਆਰਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਆਈ ਸੰਗਤ ਦੇ ਲਈ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ।