ਪੰਨੀ ਵਾਲਾ ਫੱਤਾ ਵਿਖੇ ਇੱਕ ਵਿਅਕਤੀ ਨੇ ਲਾਈ ਘਰ ਨੂੰ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਪੰਨੀ ਵਾਲਾ ਫੱਤਾ ਵਿਖੇ ਇੱਕ ਵਿਅਕਤੀ ਨੇ ਲਾਈ ਘਰ ਨੂੰ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
Publish Date: Tue, 10 Feb 2026 07:16 PM (IST)
Updated Date: Tue, 10 Feb 2026 07:17 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ/ਪੰਨੀਵਾਲਾ : ਪਿੰਡ ਪੰਨੀਵਾਲਾ ਫੱਤਾ ਦੇ ਇੱਕ ਵਿਅਕਤੀ ਨੇ ਜੋ ਕਿ ਆਪਣੀ ਪਤਨੀ ਸਮੇਤ ਕਿਰਾਏ ’ਤੇ ਰਹਿੰਦਾ ਸੀ, ਘਰ ਨੂੰ ਅੱਗ ਲਗਾ ਕੇ ਤਕਰੀਬਨ 9 ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਸੁਮਣ ਕੌਰ ਪਤਨੀ ਕੁਲਦੀਪ ਸਿੰਘ ਏਐਨਐਮ ਸਰਕਾਰੀ ਹਸਪਤਾਲ ਆਲਮਵਾਲਾ ਵਿਖੇ ਡਿਊਟੀ ਕਰਦੀ ਹੈ ਅਤੇ ਪੰਨੀਵਾਲਾ ਫੱਤਾ ਵਿਖੇ ਆਪਣੇ ਪੇਕਿਆਂ ਦੇ ਪਿੰਡ ਕਿਰਾਏ ’ਤੇ ਮਕਾਨ ਲੈ ਕੇ ਰਹਿੰਦੀ ਹੈ। ਬੀਤੀ ਰਾਤ ਸੁਮਣ ਕੌਰ ਦੀ ਨਾਈਟ ਡਿਊਟੀ ਸੀ ਤਾਂ ਉਸ ਦੇ ਘਰ ਵਾਲਾ ਕੁਲਦੀਪ ਸਿੰਘ ਜੋ ਕੁਝ ਸਮੇਂ ਤੋਂ ਸੁਮਣ ਕੌਰ ਨਾਲੋਂ ਗੁੱਸਾ ਗਿੱਲਾ ਹੋਣ ਕਾਰਨ ਵੱਖ ਆਪਣੇ ਪਿੰਡ ਉੜਾਂਗ ਵਿਖੇ ਰਹਿੰਦਾ ਸੀ। ਦੱਸ ਦਈਏ ਕਿ ਸੁਮਣ ਕੌਰ ਉੜਾਂਗ ਪਿੰਡ ਵਿਖੇ ਵਿਆਹੀ ਹੋਈ ਸੀ। ਕੁਲਦੀਪ ਸਿੰਘ ਨੇ ਸਾਰੇ ਮੌਕੇ ਨੂੰ ਭਾਂਪਦਿਆਂ ਕੰਧ ਟੱਪ ਕੇ ਘਰ ਨੂੰ ਅੱਗ ਲਗਾ ਦਿੱਤੀ। ਗੁਆਂਢੀ ਹਰਬੰਸ ਸਿੰਘ ਜਟਾਣਾ ਨੇ ਦੇਖਿਆ ਤਾਂ ਉਸਨੇ ਰੌਲਾ ਪਾ ਕੇ ਹੋਰ ਵਿਅਕਤੀ ਇਕੱਠੇ ਕੀਤੇ ਅਤੇ ਬਹੁਤ ਹੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ। ਕੁਲਦੀਪ ਸਿੰਘ ਭੱਜਣ ਵਿੱਚ ਕਾਮਯਾਬ ਹੋ ਗਿਆ। ਹਰਬੰਸ ਸਿੰਘ ਨੇ ਦੱਸਿਆ ਕਿ ਜਦ ਕੁਲਦੀਪ ਸਿੰਘ ਸੁਬ੍ਹਾ ਆਇਆ ਤਾਂ ਉਹ ਕਹਿੰਦਾ ਕਿ ਅਜੇ ਤਾਂ ਮੈਂ ਅੱਗ ਹੀ ਲਾਈ ਹੈ, ਮੈਂ ਹੋਰ ਵੀ ਬੜਾ ਕੁਝ ਕਰਨਾ ਹੈ। ਮਕਾਨ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਮਕਾਨ ਦਾ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਸੁਮਣ ਕੌਰ ਦੇ ਸਮਾਨ ਦਾ ਸਾਢੇ ਚਾਰ ਲੱਖ ਵੱਖਰਾ ਨੁਕਸਾਨ ਹੋਇਆ ਹੈ। ਸਵੇਰੇ ਪਤਾ ਲੱਗਣ ਤੇ ਮੈਡਮ ਹਰਪ੍ਰੀਤ ਕੌਰ ਥਾਣਾ ਕਬਰਵਾਲਾ ਅਤੇ ਵੇਦ ਪ੍ਰਕਾਸ਼ ਇੰਚਾਰਜ ਚੌਕੀ ਪੰਨੀ ਵਾਲਾ ਮੌਕੇ ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਕਾਰਵਾਈ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।