ਡੱਬਵਾਲੀ ਮਲਕੋ ਆਸ਼ਰਮ ’ਚ 15 ਮਾਰਚ ਨੂੰ ਲੱਗੇਗਾਕਿਸਾਨ ਮੇਲਾ
ਡੱਬਵਾਲੀ ਮਲਕੋ ਆਸ਼ਰਮ ’ਚ 15 ਮਾਰਚ ਨੂੰ ਲੱਗੇਗਾ ਵਿਸ਼ਾਲ ਕਿਸਾਨ ਮੇਲਾ
Publish Date: Thu, 12 Mar 2026 05:13 PM (IST)
Updated Date: Fri, 13 Mar 2026 04:04 AM (IST)
ਵਰਿੰਦਰ ਬੱਬੂ, ਪੰਜਾਬੀ ਜਾਗਰਣ
ਮਲੋਟ : ਦਿਵਯ ਜਿਓਤੀ ਜਾਗ੍ਰਤੀ ਸੰਸਥਾਨ ਵੱਲੋਂ ਕਿਸਾਨ ਭਰਾਵਾਂ ਦੀ ਖੁਸ਼ਹਾਲੀ ਅਤੇ ਉੱਨਤ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ 15 ਮਾਰਚ ਨੂੰ ਡੱਬਵਾਲੀ ਮਲਕੋ ਸਥਿਤ ਆਸ਼ਰਮ ’ਚ ਵਿਸ਼ਾਲ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸੰਸਥਾਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਰਮ ਪੂਜਨੀਕ ਗੁਰੂਦੇਵ ਆਸ਼ੂਤੋਸ਼ ਮਹਾਰਾਜ ਦੇ ਚੇਲੇ ਸਵਾਮੀ ਗਿਆਨੇਸ਼ਾਨੰਦ ਨੇ ਡਿਪਟੀ ਕਮਿਸ਼ਨਰ ਮੁਕਤਸਰ ਅਭਿਜੀਤ ਕਪਲਿਸ਼ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੇਲੇ ਦਾ ਸੱਦਾ ਦਿੱਤਾ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ। ਇਸੇ ਕੜੀ ’ਚ ਸਵਾਮੀ ਮਹੇਸ਼ਵਰਾਨੰਦ ਵੱਲੋਂ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਮਨੀਸ਼ ਕੁਮਾਰ ਨੂੰ ਵੀ ਇਸ ਮੇਲੇ ’ਚ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ। ਸਵਾਮੀ ਗਿਆਨੇਸ਼ਾਨੰਦ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ “ਹਿੱਤਕਾਰੀ ਖੇਤੀ, ਲਾਭਦਾਇਕ ਖੇਤੀ” ਦੇ ਮੰਤਰ ਨੂੰ ਅਮਲੀ ਜਾਮਾ ਪਹਿਨਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਕਿਸਾਨਾਂ ਨੂੰ ਸਹੀ ਤਕਨੀਕ ਅਤੇ ਮਾਰਗਦਰਸ਼ਨ ਦੀ ਬਹੁਤ ਜ਼ਰੂਰਤ ਹੈ। ਇਸੇ ਲਈ ਮੇਲੇ ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੇਤੀ ਦੇ ਮਾਹਿਰ ਮੌਜੂਦ ਰਹਿਣਗੇ ਜੋ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਦੱਸਣਗੇ ਕਿ ਕਿਵੇਂ ਜੈਵਿਕ ਖੇਤੀ ਅਪਣਾ ਕੇ ਘੱਟ ਪਾਣੀ ਅਤੇ ਘੱਟ ਲਾਗਤ ਨਾਲ ਆਪਣੀ ਆਮਦਨ ਵਧਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੇਲੇ ’ਚ ਆਧੁਨਿਕ ਬਾਗਬਾਨੀ ਅਤੇ ਭਾਰਤੀ ਗਾਂ ਦੀ ਨਸਲ ਸੁਧਾਰ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਸਤੋਂ ਇਲਾਵਾ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਸੰਜੀਵਿਕਾ ਵੱਲੋਂ ਵਿਸ਼ੇਸ਼ ਆਯੁਰਵੈਦਿਕ ਕੈਂਪ ਵੀ ਲਗਾਇਆ ਜਾਵੇਗਾ, ਜਿੱਥੇ ਤਜ਼ਰਬੇਕਾਰ ਵੈਦਾਂ ਵੱਲੋਂ ਨਾੜੀ ਪ੍ਰੀਖਣ ਅਤੇ ਮੁਫ਼ਤ ਸਲਾਹ ਦੀ ਸਹੂਲਤ ਦਿੱਤੀ ਜਾਵੇਗੀ। ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲਾ ਇਹ ਮੇਲਾ ਖੇਤਰ ਦੇ ਕਿਸਾਨਾਂ ਲਈ ਤਰੱਕੀ ਦਾ ਇੱਕ ਨਵਾਂ ਰਾਹ ਖੋਲ੍ਹੇਗਾ। ਸੰਸਥਾਨ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਵੱਡੀ ਗਿਣਤੀ ’ਚ ਸ਼ਾਮਲ ਹੋਣ।