ਮਲੋਟ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
ਮਲੋਟ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ
Publish Date: Sat, 24 Jan 2026 04:39 PM (IST)
Updated Date: Sat, 24 Jan 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਸਾਂਝੀਵਾਲਤਾ ਦੇ ਪ੍ਰਤੀਕ ਬ੍ਰਹਮਲੀਨ ਮੁੱਖ ਸੇਵਕ ਪੰਡਿਤ ਗਿਰਧਾਰੀ ਲਾਲ ਦੀ ਪ੍ਰੇਰਨਾ ਸਦਕਾ ਮਹਾਂਵੀਰ ਗਊਸ਼ਾਲਾ ਮਲੋਟ ਵਿਖੇ ਸ਼ੁਰੂ ਕੀਤੀ ਸਲਾਨਾ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਸਬੰਧੀ ’ਚ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ। ਇਹ ਨਗਰ ਕੀਰਤਨ ਮਹਾਂਵੀਰ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਹਨੂੰਮਾਨ ਰੋਡ ਤੋਂ ਮੇਨ ਬਜ਼ਾਰ, ਇੰਦਰਾ ਰੋਡ, ਚਾਰ ਖੰਬਾ ਚੌਕ, ਦਾਣਾ ਮੰਡੀ, ਜੀਟੀ ਰੋਡ, ਸੁਪਰ ਬਾਜ਼ਾਰ ਅਤੇ ਵੱਖ ਵੱਖ ਬਜ਼ਾਰਾਂ ’ਚ ਪਹੁੰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ’ਚ ਸ਼ੁਸ਼ੋਭਿਤ ਕੀਤਾ ਗਿਆ ਸੀ ਅਤੇ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਨਜ਼ਰ ਆ ਰਹੀਆਂ ਸਨ। ਇਸ ਦੌਰਾਨ ਸੰਗਤਾਂ ਲਈ ਥਾਂ ਥਾਂ ’ਤੇ ਵੱਖ ਵੱਖ ਪ੍ਰਕਾਰ ਦੇ ਲੰਗਰ ਲਾਏ ਗਏ। ਨਗਰ ਕੀਰਤਨ ’ਚ ਜਿਥੇ ਫੌਜੀ ਬੈਂਡ ਦੇਖਣ ਯੋਗ ਸੀ, ਉਥੇ ਹੀ ਗੱਤਕਾ ਪਾਰਟੀ ਵਲੋਂ ਹੈਰਾਨੀਜਨਕ ਜੌਹਰ ਵੀ ਦਿਖਾਏ ਗਏ, ਜੋ ਆਕਰਸ਼ਿਤ ਦਾ ਕੇਂਦਰ ਰਹੇ। ਨਗਰ ਕੀਰਤਨ ’ਚ ਸ਼ਾਮਿਲ ਸੰਗਤ ਦਾ ਧੰਨਵਾਦ ਕਰਦਿਆਂ ਮੁੱਖ ਸੇਵਾਦਾਰ ਪੰਡਿਤ ਸੰਦੀਪ ਕੁਮਾਰ ਜੂਰੀ ਪਰਿਕ ਨੇ ਸੰਗਤ ਨੂੰ ਖੁੱਲਾ ਸਦਾ ਦਿੰਦਿਆਂ ਕਿਹਾ ਕਿ ਤੁਹਾਡੀ ਆਪਣੀ ਮਹਾਂਵੀਰ ਗਊਸ਼ਾਲਾ ’ਚ 25 ਜਨਵਰੀ ਨੂੰ ਸ੍ਰੀ ਅਖੰਡ ਪਾਠਾਂ ਦੀ 27ਵੀਂ ਇਕੋਤਰੀ ਦੀ ਸੰਪੂਰਨਤਾ ਤੇ ਧਾਰਮਿਕ ਸਮਾਰੋਹ ’ਚ ਜ਼ਰੂਰ ਪਹੁੰਚੋ। ਉਨ੍ਹਾਂ ਦੱਸਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 351 ਅਖੰਡ ਪਾਠਾਂ 27ਵੀਂ ਇਕੋਤਰੀ ਦਾ ਸਮਾਪਤੀ ਸਮਾਰੋਹ ਵੱਡੇ ਸਮਾਗਮ ਵਜੋਂ 25 ਜਨਵਰੀ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ। ਇਸ ਮੌਕੇ ਤੇ ਹੇਮੰਤ ਕਮਰਾ, ਸਾਬਕਾ ਐਮ ਸੀ ਸ਼ਾਮ ਲਾਲ ਗੁਪਤਾ (ਡੱਡੀ), ਅਕਾਲੀ ਆਗੂ ਪਿੰਦਰ ਕੰਗ, ਸਾਬਕਾ ਐਮਸੀ ਕੇਵਲ ਅਰੋੜਾ, ਵਿਜੇ ਪਾਰਿਕ, ਐਮਸੀ ਅਸ਼ਵਨੀ ਖੇੜਾ, ਅਜੈ ਪਾਰਿਕ, ਗੁਲਸ਼ਨ ਬਾਂਸਲ, ਗੌਰਵ ਧੂੜੀਆ ਸਮੇਤ ਵੱਡੀ ਗਿਣਤੀ ਚ ਸੰਗਤਾਂ ਨੇ ਹਾਜ਼ਰੀ ਭਰੀ।