- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ

-ਖ਼ਾਲਸਾਈ ਜਾਹੋ ਜਲਾਲ ਚ ਰੰਗਿਆ ਗਿਆ ਸ੍ਰੀ ਮੁਕਤਸਰ ਸਾਹਿਬ
-ਨਿਹੰਗ ਸਿੰਘ ਫੌਜਾਂ ਨੇ ਦਿਖਾਈ ਗਤਕੇ ਦੇ ਜੌਹਰ
ਭੰਵਰਾ\ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਅੱਜ ਦੋ ਰਵਾਇਤੀ ਨਗਰ ਕੀਰਤਨਾਂ ਨਾਲ ਮੇਲਾ ਮਾਘੀ ਰਸਮੀ ਤੌਰ ਤੇ ਸਮਾਪਤ ਹੋ ਗਿਆ। ਰਵਾਇਤ ਮੁਤਾਬਕ ਅੱਜ ਸ੍ਰੀ ਦਰਬਾਰ ਸਾਹਿਬ ਵੱਲੋਂ ਸ਼ਹਿਰ ਦੀਆਂ ਸਿੱਖ ਸੰਸਥਾਵਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 4 ਤੋਂ ਸਵੇਰੇ 10 ਵਜੇ ਆਰੰਭ ਹੋਇਆ ਇਹ ਨਗਰ ਕੀਰਤਨ ਰੇਲਵੇ ਰੋਡ, ਬੈਂਕ ਰੋਡ, ਘਾਹ ਮੰਡੀ ਚੌਂਕ ਤੋਂ ਗੁਰਦੁਆਰਾ ਤੋਂ ਹੁੰਦਾ ਹੋਇਆ ਇਤਿਹਾਸਿਕ ਗੁਰਦੁਆਰਾ ਟਿੱਬੀ ਸਾਹਿਬ ਪਹੁੰਚਿਆ ਜਿੱਥੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਦਾਤਨਸਰ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਦਰਬਾਰ ਸਾਹਿਬ ਆ ਕੇ ਸਮਾਪਤ ਹੋਇਆ। ਇਸ ਦੌਰਾਨ ਰਾਗੀ ਜਥੇ ਵੱਲੋਂ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਸਰਸ਼ਾਰ ਕੀਤਾ ਗਿਆ। ਇਸ ਦੌਰਾਨ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਸ਼ਹਿਰ ਦੀਆਂ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ’ਤੇ ਲੰਗਰ ਲਗਾਏ ਗਏ। ਬੀਬੀਆਂ ਦੇ ਜੱਥੇ ਵੱਲੋਂ ਇਸ ਦੌਰਾਨ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਸੇਵਾ ਕੀਤੀ ਗਈ। ਇਸ ਮੌਕੇ ਨਿਹੰਗ ਸਿੰਘ ਫੌਜਾਂ ਨੇ ਆਪਣੀ ਗਤਕੇ ਦੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਜੌਹਰ ਦਿਖਾਏ ਜਿਨਾਂ ਨੂੰ ਦੇਖ ਕੇ ਸੰਗਤ ਨੇ ਆਨੰਦ ਮਾਣਿਆ। ਇਸ ਮੌਕੇ ਫੌਜ਼ੀ ਬੈਂਡ ਟੀਮ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਇਸ ਮੌਕੇ ਧਾਰਮਿਕ ਸਟਾਲਾਂ, ਪ੍ਰਦਰਸ਼ਨੀਆਂ ਵੀ ਲਗਾਈਆਂ। ਇਸ ਮੌਕੇ ਮੈਨੇਜ਼ਰ ਨਿਰਮਲਜੀਤ ਸਿੰਘ, ਮੀਤ ਮੈਨੇਜਰ ਸੁਖਦੇਵ ਸਿੰਘ, ਹੈੱਡ ਗ੍ਰੰਥੀ ਜਗਵੀਰ ਸਿੰਘ, ਅਕਾਊਂਟੈਂਟ ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ’ਚ ਸੰਗਤ ਨੇ ਹਾਜ਼ਰ ਲਵਾਈ।
-ਨਿਹੰਗ ਸਿੰਘ ਦਲਾਂ ਨੇ ਮਹੱਲਾ ਕੱਢਿਆ-
-ਘੋੜਿਆਂ ਉੱਤੇ ਸਵਾਰ ਹੋ ਕੇ ਨਿਹੰਗ ਸਿੰਘਾਂ ਨੇ ਦਿਖਾਏ ਨੇਜੇਬਾਜ਼ੀ ਦੇ ਜੌਹਰ
-ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਵਿਖੇ ਹੋਏ ਗਤਕਾ ਮੁਕਾਬਲੇ
ਸ੍ਰੀ ਮੁਕਤਸਰ ਸਾਹਿਬ ਦੇ 40 (ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਨਿਸ਼ਾਨ ਸਾਹਿਬ ਤੇ ਨਗਾਰਿਆਂ ਦੀ ਛਤਰ ਛਾਇਆ ਹੇਠ ਆਪੋ ਆਪਣੇ ਪੜਾਵਾਂ ਤੋਂ ਮਹੱਲਾ ਦੀ ਆਰੰਭਤਾ ਹੋਈ। ਨਿਹੰਗ ਸਿੰਘਾਂ ਦਾ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮਹੱਲਾ ਖਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਗੁਰਦੁਆਰਾ ਤੰਬੂ ਸਾਹਿਬ ਤੋਂ ਬਜ਼ਾਰ ਰਾਂਹੀ ਗੁਰਦੁਆਰਾ ਟਿੱਬੀ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਵਿਖੇ ਪਹੁੰਚਿਆ ।ਬੈਂਡ ਵਾਜਿਆਂ ਦੀਆਂ ਸੁੰਦਰ ਧੁੰਨਾਂ, ਢੋਲਾਂ ਤੇ ਡਗੇ ਨਗਾਰਿਆਂ ਤੇ ਚੋਟਾਂ ਲਗਾਉਂਦੇ, ਨਰਸਿੰਙੇ ਵਜਾਉਂਦਿਆਂ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।ਉਪਰੰਤ ਘੋੜ ਦੋੜਾਂ ਹੋਈਆਂ।ਨਿਹੰਗ ਸਿੰਘ ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ਤੇ ਖਲੋ ਕੇ ਨਿਹੰਗ ਸਿੰਘਾਂ ਨੇ ਘੋੜਿਆਂ ਨੂੰ ਦੌੜਾਇਆ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਏ। ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਪਹੁੰਚੀਆਂ ਗਤਕਾ ਟੀਮਾਂ ਨੇ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੱਤਕੇ ਦੇ ਜੌਹਰ ਦਿਖਾਉਣ ਵਾਲੇ ਅਤੇ ਨੇਜੇਬਾਜ਼ੀ ਦੇ ਜੌਹਰ ਦਿਖਾਉਣ ਵਾਲੇ ਨਿਹੰਗ ਸਿੰਘਾਂ ਨੂੰ ਮਿਸਲ ਸ਼ਹੀਦਾਂ ਤਰਨਾਂ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਬਲਦੇਵ ਸਿੰਘ ਮੁਸਤਰਾਬਾਦ, ਵਾਲੇ, ਬਾਬਾਬਾ ਰਾਜਾ ਰਾਜ ਸਿੰਘ, ਬਾਬਾ ਛਿੰਦਾ ਸਿੰਘ ਭਿੰਖੀਵਿੰਡ, ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਗਤਕਾ ਕੁਝ ਗੁਰਲਾਲ ਸਿੰਘ ਹਰਪ੍ਰੀਤ ਸਿੰਘ ਹੈਪੀ, ਸਿੱਖ ਵਿਰਸਾ ਕੌਂਸਲ ਤੋਂ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ।