ਡੀਜੇ ’ਤੇ ਗੀਤ ਵਜਾਊਣ ਨੂੰ ਲੈ ਕੇ ਝਗੜਾ, ਦੋ ਮੋਟਰਸਾਈਕਲਾਂ ਨੂੰ ਲਾਈ ਅੱਗ
ਡੀਜੇ ’ਤੇ ਗੀਤ ਲਾਊਣ ਨੂੰ ਲੈ ਕੇ ਹੋਇਆ ਝਗੜਾ, ਵਿਆਹ ਵਾਲੇ ਘਰ ’ਚ ਭੰਨਤੋੜ, ਦੋ ਮੋਟਰਸਾਈਕਲਾਂ ਨੂੰ ਲਗਾਈ ਅੱਗ
Publish Date: Mon, 09 Mar 2026 05:57 PM (IST)
Updated Date: Mon, 09 Mar 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਗਿੱਦੜਬਾਹਾ ਦੇ ਪਿੰਡ ਕੋਟਲੀ ਅਬਲੂ ’ਚ ਇੱਕ ਵਿਆਹ ਸਮਾਗਮ ਦੌਰਾਨ ਲਾੜੇ ਦੇ ਚਾਚੇ ਅਤੇ ਗੁਆਂਢੀ ਇਕ ਨੌਜਵਾਨ ਵਿਚਕਾਰ ਡੀਜੇ ’ਤੇ ਗੀਤ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ। ਸਥਿਤੀ ਇੰਨੀ ਵਿਗੜ ਗਈ ਕਿ ਗੁਆਂਢੀ ਨੇ ਐਤਵਾਰ ਰਾਤ 11:30 ਵਜੇ ਦੇ ਕਰੀਬ 25 ਹੋਰ ਨੌਜਵਾਨਾਂ ਨੂੰ ਬੁਲਾ ਕੇ ਉਨ੍ਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਲਾੜੇ ਦਾ ਚਾਚਾ ਜ਼ਖਮੀ ਹੋ ਗਿਆ, ਜਦੋਂ ਕਿ ਘਰ ਵਿੱਚ ਖੜ੍ਹੀਆਂ ਰਿਸ਼ਤੇਦਾਰਾਂ ਦੀਆਂ ਦੋ ਕਾਰਾਂ ਅਤੇ ਕੁਰਸੀਆਂ ਦੀ ਭੰਨਤੋੜ ਕੀਤੀ ਗਈ ਅਤੇ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ। ਹਿੰਸਾ ’ਚ ਜ਼ਖਮੀ ਲਾੜੇ ਦੇ ਚਾਚੇ ਨੂੰ ਪਹਿਲਾਂ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਸੋਮਵਾਰ ਨੂੰ ਵਿਆਹ ਸੀ ਅਤੇ ਪਰਿਵਾਰ ਨੇ ਬਰਾਤ ਲੈ ਕੇ ਜਾਣਾ ਸੀ। ਘਟਨਾ ਤੋਂ ਬਾਅਦ, ਪਰਿਵਾਰਕ ਮੈਂਬਰ ਦੁਖੀ ਹਨ ਅਤੇ ਖੁਸ਼ੀਆਂ ’ਚ ਵਿਘਨ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਸੂਚਨਾ ਮਿਲਣ ਤੇ ਕੋਟਭਾਈ ਥਾਣੇ ਦੀ ਪੁਲਿਸ ਸੋਮਵਾਰ ਸਵੇਰੇ ਮੌਕੇ ਤੇ ਪਹੁੰਚੀ, ਲਾੜੇ ਦੇ ਪਰਿਵਾਰ ਤੋਂ ਬਿਆਨ ਲਏ ਅਤੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾੜੇ ਦੇ ਪਿਤਾ ਸਾਬਕਾ ਪੰਚ ਤਰਸੇਮ ਸਿੰਘ ਨੇ ਕਿਹਾ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਮੇਰੇ ਪੁੱਤਰ ਆਕਾਸ਼ਦੀਪ ਦਾ ਵਿਆਹ ਸੋਮਵਾਰ ਨੂੰ ਸੀ ਅਤੇ ਐਤਵਾਰ ਰਾਤ ਨੂੰ ਜਾਗੋ ਸੀ। ਸਾਰੇ ਰਿਸ਼ਤੇਦਾਰ ਅਤੇ ਆਸ ਪਾਸ ਦੇ ਗੁਆਂਢੀ ਉਨ੍ਹਾਂ ਦੇ ਘਰ ਡੀਜੇ ’ਤੇ ਨੱਚ ਰਹੇ ਸਨ। ਵਿਆਹ ਦੌਰਾਨ ਗੁਆਂਢ ਦੇ ਇੱਕ ਨੌਜਵਾਨ ਨੇ ਡੀਜੇ ਤੇ ਅਸ਼ਲੀਲ ਗਾਣੇ ਵਜਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਚਚੇਰੇ ਭਰਾ ਬਲਤੇਜ ਸਿੰਘ ਉਰਫ਼ ਬੱਬੂ ਨੇ ਉਸਨੂੰ ਰੋਕਿਆ ਅਤੇ ਉਸਨੂੰ ਗੁਰਦਾਸ ਮਾਨ ਦਾ ਗਾਣਾ ਵਜਾਉਣ ਲਈ ਕਿਹਾ। ਫਿਰ ਨੌਜਵਾਨ ਮੇਰੇ ਭਰਾ ਨਾਲ ਬਹਿਸ ਕਰਨ ਲੱਗ ਅਤੇ ਫਿਰ ਗੁੱਸੇ ਵਿੱਚ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਹ ਰਾਤ 11:30 ਵਜੇ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਲੈਸ 20-25 ਲੋਕਾਂ ਦੇ ਨਾਲ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਆਪਣੀ ਜਾਨ ਬਚਾਉਣ ਲਈ ਆਪਣੇ ਕਮਰਿਆਂ ਵਿੱਚ ਲੁਕ ਗਏ। ਇਸ ਦੌਰਾਨ ਹਮਲਾਵਰਾਂ ਨੇ ਰਿਸ਼ਤੇਦਾਰਾਂ ਦੀਆਂ ਦੋ ਕਾਰਾਂ, ਕੁਰਸੀਆਂ ਅਤੇ ਹੋਰ ਟੈਂਟ ਸਮਾਨ ਦੀ ਭੰਨਤੋੜ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੋ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਇਨ੍ਹਾਂ ਲੋਕਾਂ ਨੇ ਮੇਰੇ ਪੁੱਤਰ ਦੇ ਵਿਆਹ ਵਿੱਚ ਬੁਰੀ ਤਰ੍ਹਾਂ ਵਿਘਨ ਪਾਇਆ ਹੈ, ਮੇਰਾ ਲੱਖਾਂ ਰੁਪਏ ਦਾ ਸਮਾਨ ਭੰਨਤੋੜ ਦਿੱਤਾ। ਸੋਮਵਾਰ ਨੂੰ ਪਰਿਵਾਰ ਭਰੇ ਮਨ ਨਾਲ ਆਪਣੇ ਬੇਟੇ ਦੀ ਬਰਾਤ ਲੈ ਕੇ ਗਿਆ। ਇਸ ਘਟਨਾ ਨਾਲ ਪਰਿਵਾਰ ਡਰ ਦੇ ਸਾਏ ’ਚ ਹੈ ਤੇ ਖੁਸ਼ੀਆਂ ’ਚ ਵਿਘਨ ਪੈਣ ਕਰਕੇ ਦੁੱਖੀ ਹੈ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ : ਥਾਣਾ ਇੰਚਾਰਜ ਕੋਟਭਾਈ ਪੁਲਿਸ ਥਾਣੇ ਦੀ ਇੰਚਾਰਜ ਦੀਪਿਕਾ ਕੰਬੋਜ ਨੇ ਕਿਹਾ ਕਿ ਕੋਟਲੀ ਅਬਲੂ ਪਿੰਡ ’ਚ ਉਨ੍ਹਾਂ ਨੂੰ ਇੱਕ ਵਿਆਹ ਸਮਾਰੋਹ ਦੌਰਾਨ ਦੋ ਧਿਰਾਂ ਵਿਚਕਾਰ ਲੜਾਈ, ਡੀਜੇ ਤੇ ਨੱਚਣ ਅਤੇ ਸਾਮਾਨ ਦੀ ਭੰਨਤੋੜ ਦੀਆਂ ਸੂਚਨਾ ਮਿਲੀ ਸੀ। ਉਨ੍ਹਾਂ ਨੇ ਇੱਕ ਪੁਲਿਸ ਟੀਮ ਦੇ ਨਾਲ ਮੌਕੇ ਦਾ ਮੁਆਇਨਾ ਕੀਤਾ ਅਤੇ ਲਾੜੇ ਦੇ ਪਰਿਵਾਰ ਤੋਂ ਘਟਨਾ ਬਾਰੇ ਪੁੱਛਗਿੱਛ ਕੀਤੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ, ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।