ਸ੍ਰੀ ਮੁਕਤਸਰ ਸਾਹਿਬ ’ਚ ਮਹਿਲਾ ਉਧਮੀਆਂ ਲਈ ਮੇਲਾ ਫਰਵਰੀ ਦੇ ਆਖ਼ਰੀ ਹਫ਼ਤੇ
ਸ੍ਰੀ ਮੁਕਤਸਰ ਸਾਹਿਬ ’ਚ ਮਹਿਲਾ ਉਧਮੀਆਂ ਲਈ ਮੇਲੇ ਦਾ ਆਯੋਜਨ ਹੋਵੇਗਾ
Publish Date: Fri, 30 Jan 2026 04:10 PM (IST)
Updated Date: Fri, 30 Jan 2026 04:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਆਰਏਐਮਪੀ (ਰੇਜ਼ਿੰਗ ਅਤੇ ਐਕਸਲਰੇਟਿੰਗ ਐਮਐਸਐਮਈ) ਸਕੀਮ ਅਧੀਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਮਹਿਲਾ ਉੱਧਮੀਆਂ, ਸਵੈ ਸਹਾਇਤਾ ਸਮੂਹਾਂ ਅਤੇ ਸੂਖਮ ਲਘੂ ਅਤੇ ਮੱਧਮ ਉਦਯੋਗਿਕ ਯੂਨਿਟਾਂ ਨੂੰ ਪ੍ਰੋਤਸਾਹਨ ਦੇਣ ਲਈ ਜ਼ਿਲ੍ਹਾ ਪੱਧਰੀ ਮੇਲਾ ‘ਪੰਜਾਬ ਸਖੀ ਸ਼ਕਤੀ ਮੇਲਾ-ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ’ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ’ਚ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਸੁਰਿੰਦਰ ਸਿੰਘ ਢਿੱਲੋਂ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਮੇਲੇ ਦੇ ਸੁਚੱਜੇ ਆਯੋਜਨ ਸੰਬੰਧੀ ਵਿਸਥਾਰਪੂਰਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਜ਼ਿਲ੍ਹਾ ਪੱਧਰ ਦਾ ਮੇਲਾ ਫ਼ਰਵਰੀ ਮਹੀਨੇ ਦੇ ਆਖਰੀ ਹਫ਼ਤੇ, ਗੁਰੂ ਗੋਬਿੰਦ ਸਿੰਘ ਪਾਰਕ, ਕੋਟਕਪੂਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤਾ ਜਾਵੇਗਾ। ਮੇਲੇ ’ਚ ਮਹਿਲਾ ਉੱਧਮੀਆਂ, ਸਵੈ ਸਹਾਇਤਾ ਸਮੂਹਾਂ, ਯੂਨਿਟਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਲਈ ਵੱਖ-ਵੱਖ ਸਟਾਲਾਂ ਦੀ ਵਿਵਸਥਾ ਕੀਤੀ ਜਾਵੇਗੀ। ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਉਧਮੀਆਂ ਲਈ ਰਾਤ ਨੂੰ ਰਹਿਣ ਦੀ ਵਿਵਸਥਾ ਉਚੇਚੇ ਤੌਰ ’ਤੇ ਕੀਤੀ ਜਾਵੇਗੀ। ਏਡੀਸੀ ਨੇ ਕਿਹਾ ਕਿ ਇਹ ਮੇਲਾ ਸਥਾਨਕ ਮਹਿਲਾ ਉਦਯੋਗਪਤੀਆਂ ਲਈ ਆਪਣੇ ਉਤਪਾਦਾਂ ਦੀ ਮਾਰਕੀਟਿੰਗ, ਵਿਕਰੀ ਅਤੇ ਨਵੇਂ ਵਪਾਰਕ ਮੌਕੇ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜਿਲ੍ਹੇ ਦੇ ਸਥਾਨਕ ਮਹਿਲਾ ਉੱਧਮੀਆਂ ਨੂੰ ਆਪਣੇ ਉਤਪਾਦਾਂ ਦੀ ਸਟਾਲ ਲਗਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਜਿਲ੍ਹੇ ਦੀ ਸਾਰੀ ਆਮ ਅਤੇ ਖਾਸ ਜਨਤਾ ਨੂੰ ਇਸ ਮੇਲੇ ਤੇ ਆਉਣ ਲਈ ਖੁੱਲਾ ਸੱਦਾ ਦਿੱਤਾ ਗਿਆ। ਇਸ ਮੌਕੇ ਗੁਰਨਿਸ਼ਾਨ ਸਿੰਘ ਹੇਅਰ ਫੰਕਸ਼ਨਲ ਮੈਨੇਜਰ ਅਤੇ ਸੰਗੀਤ ਸਰੋਤਾ ਫੰਕਸ਼ਨਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ, ਰਮਣੀਕ ਜਿਲ੍ਹਾ ਪ੍ਰੋਗਰਾਮ ਮੈਨੇਜਰ ਪੀਐਸਆਰਐਲਐਮ, ਮਿਸ ਮਨਪ੍ਰੀਤ ਕੌਰ ਬਲਾਕ ਪੱਧਰ ਪ੍ਰਸਾਰ ਅਫਸਰ ਜਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ, ਸੰਦੀਪ ਸਿੰਘ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।