ਨਿਰੰਕਾਰੀ ਮਿਸ਼ਨ ਦੇ ਕੈਂਪ ’ਚ 77 ਯੂਨਿਟ ਖੂਨਦਾਨ
ਨਿਰੰਕਾਰੀ ਮਿਸ਼ਨ ਦੁਆਰਾ ਲਗਾਏ ਕੈਂਪ ’ਚ 77 ਯੂਨਿਟ ਖੂਨਦਾਨ
Publish Date: Mon, 16 Feb 2026 04:37 PM (IST)
Updated Date: Mon, 16 Feb 2026 04:39 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੀ ਅਗਵਾਈ ਹੇਠ ਮਲੋਟ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ’ਚ ਕੁੱਲ 77 ਸ਼ਰਧਾਲੂਆਂ ਨੇ ਖੂਨਦਾਨ ਕੀਤਾ। ਇਸ ਮੌਕੇ ਕਿਰਪਾਲ ਸਿੰਘ ਸੰਯੋਜਕ ਤੇ ਖੇਤਰੀ ਸੰਚਾਲਕ ਰਜਿੰਦਰ ਅਰੋੜਾ ਨੇ ਮਨੁੱਖਤਾ ਲਈ ਖੂਨਦਾਨੀਆਂ ਦੁਆਰਾ ਕੀਤੇ ਗਏ ਮਿਸਾਲੀ ਯਤਨਾਂ ਲਈ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਤੋਂ ਅਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਮੁੱਖ ਉਦੇਸ਼ ਬਾਬਾ ਹਰਦੇਵ ਸਿੰਘ ਜੀ ਦੇ ਸ਼ਬਦਾਂ ਮਾਨਵ ਕੋ ਮਾਨਵ ਹੋ ਪਿਆਰਾ, ਏਕ ਦੂਜੇ ਕਾ ਬਣੇ ਸਹਾਰਾ ਨੂੰ ਜੀਵਨ ‘ਚ ਲਿਆਉਣਾ ਹੈ। 1986 ਤੋਂ ਲੈ ਕੇ ਹੁਣ ਤੱਕ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਗਏ ਲਗਭਗ 9000 ਕੈਂਪਾਂ ’ਚ ਤਕਰੀਬਨ 1.5 ਮਿਲੀਅਨ ਯੂਨਿਟ ਖੂਨਦਾਨ ਕੀਤਾ ਗਿਆ ਹੈ। ਅੱਜ ਦੀ ਮੌਜੂਦਾ ਸਥਿਤੀ ’ਚ ਵੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ ਖੂਨ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ, ਨਾਲੀਆਂ ਵਿੱਚ ਨਹੀਂ ਨੂੰ ਅਪਣਾ ਕੇ ਮਨੁੱਖਤਾ ਨੂੰ ਬਚਾਉਣ ਵਾਸਤੇ ਜੀਵਨ ਜਿਊਣ ਲਈ ਪ੍ਰੇਰਿਤ ਕਰ ਰਹੇ ਹਨ। ਮਲੋਟ ਬਰਾਂਚ ਦੇ ਸੰਯੋਜਕ ਪਰਮਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਪਤਵੰਤੇ ਸੱਜਣਾਂ, ਵੱਖ-ਵੱਖ ਬਰਾਂਚਾਂ ਤੋਂ ਆਏ ਮੁਖੀਆਂ, ਆਲੇ ਦੁਆਲੇ ਦੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ, ਖਾਸ ਕਰਕੇ ਸਾਰੇ ਖੂਨਦਾਨੀਆਂ ਤੇ ਸਰਕਾਰੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਤੋਂ ਡਾਕਟਰਾਂ ਦੀ ਟੀਮ ਦਾ ਕੈਂਪ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਕਿਰਪਾਲ ਸਿੰਘ ਜੀ ਸੰਯੋਜਕ ਮੁਕਤਸਰ ਨੇ ਕਿਹਾ ਕਿ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹੈ ਕਿ ਖੂਨਦਾਨ ਖੂਨ ਦੇ ਰਿਸ਼ਤੇ ਸਥਾਪਿਤ ਕਰਦਾ ਹੈ। ਖੂਨਦਾਨ ਨਾ ਸਿਰਫ਼ ਇੱਕ ਸਮਾਜਿਕ ਕਾਰਜ ਹੈ ਬਲਕਿ ਮਨੁੱਖਤਾ ਦਾ ਇੱਕ ਬ੍ਰਹਮ ਗੁਣ ਹੈ ਜੋ ਯੋਗਦਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਸ ਕੈਂਪ ਦੀ ਪ੍ਰਬੰਧ ਵਿਵਸਥਾ ਸੇਵਾਦਲ ਦੇ ਵਲੰਟੀਅਰਾਂ ਦੁਆਰਾ ਕੀਤੀ ਗਈ।