ਬੂੜਾ ਗੁਜਰ ’ਚ 18 ਮੋਟਰਾਂ ਚੋਰੀ, ਕਿਸਾਨਾਂ ਨੇ ਥਾਣਾ ਘੇਰਿਆ
ਮੁਕਤਸਰ ਦੇ ਪਿੰਡ ਬੂੜਾ ਗੁਜਰ ’ਚ ਹੋਈਆਂ 18 ਮੋਟਰਾਂ ਚੋਰੀ, ਕਿਸਾਨਾਂ ਨੇ ਥਾਣੇ ਮੂਹਰੇ ਕੀਤਾ ਪ੍ਰਦਰਸ਼ਨ
Publish Date: Mon, 02 Mar 2026 07:07 PM (IST)
Updated Date: Mon, 02 Mar 2026 07:07 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੱਥੋਂ ਨੇੜਲੇ ਪਿੰਡ ਬੂੜਾ ਗੁੱਜਰ ’ਚ ਪਿਛਲੀ ਰਾਤ ਕਿਸਾਨਾਂ ਦੀਆਂ ਲਗਭਗ 17/18 ਮੋਟਰਾਂ ਚੋਰੀ ਹੋ ਗਈਆਂ ਸਨ। ਚੋਰਾਂ ਨੂੰ ਫੜਾਉਣ ਦੇ ਵਾਸਤੇ ਕਿਰਤੀ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਜਸਪਾਲ ਸਿੰਘ ਬੂੜਾ ਗੁਜਰ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਅਤੇ ਪੀੜਤ ਲੋਕ ਅਤੇ ਹੋਰ ਨਗਰ ਨਿਵਾਸੀ ਅੱਜ ਥਾਣਾ ਸਦਰ ਮੁਕਤਸਰ ਵਿਖੇ ਧਰਨਾ ਲਾਉਣ ਲਈ ਇਕੱਠੇ ਹੋਏ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਜਸਬੀਰ ਸਿੰਘ ਅਤੇ ਹੋਰ ਪੰਚਾਇਤ ਮੈਂਬਰ ਵੀ ਹਾਜ਼ਰ ਸਨ। ਡੀਐਸਪੀ ਬਚਨ ਸਿੰਘ ਅਤੇ ਐਸਐਚਓ ਰਾਜਵੀਰ ਸਿੰਘ ਵੱਲੋਂ ਵਿਸ਼ਵਾਸ ਦਵਾਉਣ ਤੇ ਇਹ ਧਰਨਾ ਇੱਕ ਦਿਨ ਵਾਸਤੇ ਮੁਲਤਵੀ ਕਰ ਦਿੱਤਾ ਗਿਆ। ਡੀਐਸਪੀ ਨੇ ਵਿਸ਼ਵਾਸ ਦਵਾਇਆ ਕਿ ਸਾਨੂੰ ਅੱਜ ਦਾ ਦਿਨ ਟਾਈਮ ਦਿੱਤਾ ਜਾਵੇ ਅਸੀਂ ਹਰ ਹਾਲਤ ਚੋਰਾਂ ਨੂੰ ਫੜ ਕੇ ਸਮਾਨ ਬਰਾਮਦ ਕਰਾਵਾਂਗੇ। ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਹਰ ਰੋਜ਼ ਸੈਂਕੜੇ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੁੰਦੀਆਂ ਹਨ ਟ੍ਰਾਂਸਫਰ ਚੋਰੀ ਹੁੰਦੇ ਹਨ। ਦਿਹਾੜੀਦਾਰ ਮਜ਼ਦੂਰਾਂ ਨੂੰ ਰਸਤੇ ਵਿੱਚ ਰੋਕ ਕੇ ਮੋਬਾਇਲ ਆਦਿ ਖੋ ਲਏ ਜਾਂਦੇ ਹਨ ਤੇ ਉਨ੍ਹਾਂ ਨੂੰ ਜਖਮੀ ਵੀ ਕਰ ਦਿੱਤਾ ਜਾਂਦਾ ਹੈ। ਕੋਈ ਵੀ ਦੁਕਾਨਦਾਰ ਜਾਂ ਆਪਣੇ ਘਰੇ ਪਿਆ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਅੰਨੀ ਲੁੱਟ ਮੱਚੀ ਹੋਈ ਹੈ ਪਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਸ ਸਮੇਂ ਬੋਲਦੇ ਬਲਵਿੰਦਰ ਸਿੰਘ ਥਾਂਦੇਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਜਸਵੰਤ ਸਿੰਘ ਡੋਡਾਂਵਾਲੀ ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਅੱਜ ਦਾ ਰਾਜ ਬਿਲਕੁਲ ਚੋਰਾਂ ਤੇ ਬਦਮਾਸ਼ਾਂ ਦਾ ਰਾਜ ਬਣ ਕੇ ਰਹਿ ਗਿਆ ਹੈ। ਕੋਈ ਵੀ ਆਦਮੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੱਲ ਸੁਬ੍ਹਾ ਤੱਕ ਚੋਰਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਡਾ ਇਕੱਠ ਕਰਕੇ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ। ਇਸਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਸੁਰਿੰਦਰ ਪਾਲ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਆਦਿ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਤੋਂ ਇਲਾਵਾ ਬਲਵਿੰਦਰ ਸਿੰਘ ਰਾਜਾ ਸਰਪੰਚ, ਗੁਰਨੇਕ ਸਿੰਘ, ਜਸਕਰਨ ਸਿੰਘ ਬੀਕੇਯੂ ਲੱਖੋਵਾਲ, ਜਸਵੀਰ ਸਿੰਘ ਸਰਪੰਚ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਪੰਮਾ ਸਿੰਘ, ਬਲਵੀਰ ਸਿੰਘ, ਮੇਜਰ ਸਿੰਘ, ਸੁਖਮਿੰਦਰ ਸਿੰਘ, ਜਗਰੂਪ ਸਿੰਘ ਮੈਂਬਰ, ਸੁਖਪਾਲ ਸਿੰਘ ਨੰਬਰਦਾਰ ਅਤੇ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ।