135ਵੀਂ ਜੈਅੰਤੀ ਮੌਕੇ ਬਾਬਾ ਸਾਹਿਬ ਨੂੰ ਕੀਤਾ ਯਾਦ
135ਵੀਂ ਬਾਬਾ ਸਾਹਿਬ ਡਾ. ਅੰਬੇਡਕਰ ਜੈਅੰਤੀ ਮਨਾਈ
Publish Date: Wed, 15 Apr 2026 04:30 PM (IST)
Updated Date: Wed, 15 Apr 2026 04:33 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬਾਬਾ ਸਾਹਿਬ ਚੇਤਨਾ ਮਿਸ਼ਨ ਤੇ ਰਾਸ਼ਟਰੀ ਬੋਧ ਮਹਾਂ ਸਭਾ ਸ੍ਰੀ ਮੁਕਤਸਰ ਸਾਹਿਬ ਦੀ ਸੰਸਥਾ ਵੱਲੋਂ 135ਵੀਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਹਿਬ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਮਿਸ਼ਨ ਦੇ ਪ੍ਰਧਾਨ ਨਰਿੰਦਰ ਪਾਲ ਖਿੱਚੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਮੂਲ ਚੰਦ ਰਿਟਾਇਰਡ ਪ੍ਰਿੰਸੀਪਲ ਨੇ ਬਾਬਾ ਸਾਹਿਬ ਦੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਆਪਣੀ ਗੱਲ ਸਾਂਝੀ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਅਭਿਸ਼ੇਕ ਚੌਹਾਨ ਨੇ ਬਾਬਾ ਸਾਹਿਬ ਦੀ ਸਮਾਜ ਨੂੰ ਦਿੱਤੀ ਗਈ ਸਿੱਖਿਆ, ਅਧਿਕਾਰ, ਕਰਤੱਵਾਂ, ਫਰਜ਼ਾਂ ਤੇ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਹੋਰਨਾਂ ਬੁਲਾਰਿਆਂ ’ਚ ਬਲਦੇਵ ਸਿੰਘ, ਡਾ. ਨਰਿੰਦਰ ਸਿੰਘ, ਡਾ. ਲਾਲ ਚੰਦ ਆਦਿ ਨੇ ਬਾਬਾ ਸਾਹਿਬ ਦੀਆਂ ਜੀਵਨ ਘਟਨਾਵਾਂ, ਪੜ੍ਹਾਈ, ਕਾਨੂੰਨ ਤੇ ਸਮਾਜ ਨੂੰ ਦਿੱਤੀ ਗਈ ਸਿੱਖਿਆ ਬਾਰੇ ਜਾਣਕਾਰੀ ਦਿੱਤੀ। ਬਾਬਾ ਸਾਹਿਬ ਚੇਤਨਾ ਮਿਸ਼ਨ ਵੱਲੋਂ ਛੋਟੇ ਬੱਚਿਆਂ ਵੱਲੋਂ ਭਾਸ਼ਣ, ਕਵਿਤਾ, ਲੋਕ ਗੀਤ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਤੇ ਬਾਹਰੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਅਸ਼ੋਕ ਪੂਨੀਆ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਇਸ ਸਮਾਰੋਹ ਨੂੰ ਸਫਲ ਬਣਾਉਣ ਵਿਚ ਲਛਮਣ ਦਾਸ, ਛਿੰਦਰ ਪਾਲ, ਰਾਕੇਸ਼ ਮੋਰਿਆ, ਆਕਾਸ਼, ਸੰਦੀਪ ਦਾ ਖਾਸ ਸਹਿਯੋਗ ਰਿਹਾ।