ਛੇ ਮਹੀਨਿਆਂ ’ਚ ਖਾਣ ਪੀਣ ਵਾਲੇ ਪਦਾਰਥਾਂ ਦੇ 129 ਸੈਂਪਲ ਲਏ, 14 ਫੇਲ੍ਹ
ਛੇ ਮਹੀਨਿਆਂ ’ਚ ਖਾਣ ਪੀਣ ਵਾਲੇ ਪਦਾਰਥਾਂ ਦੇ 129 ਸੈਂਪਲ ਲਏ, 14 ਫੇਲ੍ਹ
Publish Date: Sat, 24 Jan 2026 04:59 PM (IST)
Updated Date: Sat, 24 Jan 2026 05:01 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ’ਚ ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ’ਤੇ ਮਿਲਾਵਟਖੋਰੀ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ, ਪਰ ਜ਼ਿਲ੍ਹਾ ਫੂਡ ਸੇਫ਼ਟੀ ਵਿਭਾਗ ਦੀ ਕਾਰਵਾਈ ਵੀ ਢਿੱਲੀ ਚਲ ਰਹੀ ਹੈ। ਹਾਲਾਂਕਿ ਪਿਛਲੇ ਛੇ ਮਹੀਨਿਆਂ ’ਚ ਵਿਭਾਗ ਵੱਲੋਂ 129 ਸੈਂਪਲ ਇਕੱਠੇ ਕੀਤੇ ਹਨ, ਜਿਨ੍ਹਾਂ ਵਿੱਚੋਂ 14 ਫੇਲ੍ਹ ਹੋਏ ਹਨ। ਇਹ ਸੈਂਪਲ ਜੁਲਾਈ 2025 ਤੋਂ ਦਸੰਬਰ 2025 ਤੱਕ ਦੇ ਹਨ। ਇਨ੍ਹਾਂ ਸੈਂਪਲਾਂ ਵਿੱਚ ਦੁੱਧ, ਮਠਿਆਈਆਂ, ਤੇਲ ਤੇ ਹੋਰ ਚੀਜ਼ਾਂ ਸ਼ਾਮਲ ਹਨ। ਇਸ ਦੌਰਾਨ ਮਲੋਟ ਰੋਡ 'ਤੇ ਮਨੋਰੰਜਨ ਮੇਲੇ ’ਚ ਵੱਖ-ਵੱਖ ਖਾਣ ਪੀਣ ਵਾਲੀਆਂ ਚੀਜਾਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ’ਚ ਜ਼ਿਆਦਾਤਰ ਮਿਲਾਵਟੀ ਚੀਜਾਂ ਵੇਚ ਰਹੇ ਹਨ। ਲੋਕਾਂ ਨੂੰ ਗੰਦਾ ਅਤੇ ਮਿਲਾਵਟੀ ਸਾਮਾਨ ਖੁਆਇਆ ਜਾ ਰਿਹਾ ਹੈ। ਹਾਲ ਹੀ ’ਚ ਕੁਝ ਲੋਕਾਂ ਨੇ ਇੱਕ ਵਿਅਕਤੀ ਨੂੰ ਜੂਸ ਵਾਲੀ ਰੇਹੜੀ ’ਤੇ ਯੂਰੀਆ ਮਿਲਾਉਂਦੇ ਹੋਏ ਫੜਿਆ। ਹੋਰ ਵੀ ਰੇਹੜੀਆਂ ਅਤੇ ਦੁਕਾਨਾਂ ਹਨ ਜਿਨ੍ਹਾਂ ਦੇ ਸੈਂਪਲ ਲਏ ਜਾਣੇ ਚਾਹੀਦੇ ਹਨ, ਪਰ ਸਿਹਤ ਵਿਭਾਗ ਇਸ ਪ੍ਰਤੀ ਗੰਭੀਰ ਨਹੀਂ ਜਾਪਦਾ।
ਜਾਣਕਾਰੀ ਅਨੁਸਾਰ ਜਦੋਂ ਵੀ ਜ਼ਿਲ੍ਹੇ ’ਚ ਕੋਈ ਕੋਈ ਵੱਡਾ ਮੇਲਾ ਜਾਂ ਹੋਰ ਈਵੈਂਟ ਹੁੰਦਾ ਹੈ ਤਾਂ ਮਿਲਾਵਟਖੋਰੀ ਵੱਧ ਜਾਂਦੀ ਹੈ। ਮਿਲਾਵਟਖੋਰੀ ਮਿਠਾਈ ਦੀਆਂ ਦੁਕਾਨਾਂ ਅਤੇ ਹੋਰ ਖਾਣ-ਪੀਣ ਦੀਆਂ ਦੁਕਾਨਾਂ ਤੋਂ ਸ਼ੁਰੂ ਹੋ ਜਾਂਦੀ ਹੈ। ਪਰ ਸਿਹਤ ਵਿਭਾਗ ਰੁਟੀਨ ’ਚ ਸੈਂਪਲ ਨਹੀਂ ਲੈਂਦਾ, ਜਿਸ ਕਾਰਨ ਮਿਲਾਵਟੀ ਸਾਮਾਨ ਉਦੋਂ ਤੱਕ ਬਾਜ਼ਾਰਾਂ ’ਚ ਪਹਿਲਾਂ ਹੀ ਵਿਕ ਜਾਂਦਾ ਹੈ, ਜਿਸ ਨਾਲ ਵੱਡੀ ਗਿਣਤੀ ’ਚ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਮਿਲਾਵਟੀ ਸਾਮਾਨ ਵੇਚਣ ਵਾਲੇ ਘਰ-ਘਰ ਬਿਮਾਰੀਆਂ ਫੈਲਾ ਰਹੇ ਹਨ। ਜਦਕਿ ਸਬੰਧਤ ਵਿਭਾਗ ਸਖ਼ਤ ਕਾਰਵਾਈ ਕਰਨ ’ਚ ਅਸਮਰੱਥ ਹੈ, ਜਿਨ੍ਹਾਂ ਦੇ ਸੈਂਪਲ ਫੇਲ੍ਹ ਹੋ ਜਾਂਦੇ ਹਨ, ਉਨ੍ਹਾਂ ਨੂੰ ਸਿਰਫ਼ ਚਿਤਾਵਨੀ ਦਿੱਤੀ ਜਾਂਦੀ ਹੈ ਜਾਂ ਜੁਰਮਾਨਾ ਕੀਤਾ ਜਾਂਦਾ ਹੈ।
ਖਰੜ ਵਿਖੇ ਹੁੰਦੀ ਸੈਂਪਲਾਂ ਦੀ ਜਾਂਚ
ਜ਼ਿਲ੍ਹੇ ’ਚ ਜਦੋਂ ਸੈਂਪਲ ਇਕੱਠੇ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਾਂਚ ਲਈ ਖਰੜ ਭੇਜਿਆ ਜਾਂਦਾ ਹੈ। ਜਦੋਂ ਤੱਕ ਸੈਂਪਲਾਂ ਦੀਆਂ ਰਿਪੋਰਟਾਂ ਆਉਂਦੀਆਂ ਹਨ, ਉਦੋਂ ਤੱਕ ਸਾਮਾਨ ਬਾਜ਼ਾਰ ’ਚ ਵਿਕ ਚੁੱਕਾ ਹੁੰਦਾ ਹੈ। ਨਤੀਜੇ ਵਜੋਂ ਦੁਕਾਨਦਾਰ ਲਗਾਤਾਰ ਲੋਕਾਂ ਨੂੰ ਮਿਲਾਵਟੀ ਉਤਪਾਦ ਵੇਚ ਰਹੇ ਹਨ।
ਸੈਂਪਲ ਲਗਾਤਾਰ ਲਏ ਜਾ ਰਹੇ ਹਨ : ਸਿਵਲ ਸਰਜਨ
ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਮਿਲਾਵਟਖੋਰਾਂ ਵਿਰੁੱਧ ਕਾਰਵਾਈ ਜਾਰੀ ਹੈ। ਸੈਂਪਲ ਲਏ ਜਾ ਰਹੇ ਹਨ। ਜਿੱਥੇ ਵੀ ਸ਼ਿਕਾਇਤਾਂ ਮਿਲਦੀਆਂ ਹਨ ਤੁਰੰਤ ਸੈਂਪਲ ਲਏ ਜਾਂਦੇ ਹਨ ਅਤੇ ਜਾਂਚ ਲਈ ਭੇਜੇ ਜਾਂਦੇ ਹਨ।