- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਤਰੀ ਭਾਰਤ ਵਿਚ ਪੈ ਰਹੀ ਭਿਆਨਕ ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਮੰਗਲਵਾਰ ਲੋਹੜੀ ਦੇ ਤਿਉਹਾਰ ਦਰਮਿਆਨ ਜਨ-ਜੀਵਨ ਦੀ ਰਫ਼ਤਾਰ ਨੂੰ ਬੁਰੀ ਤਰ੍ਹਾਂ ਰੋਕ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਹਿੱਸਿਆਂ ਵਿਚ 'ਰੈੱਡ ਅਲਰਟ' ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 48 ਘੰਟੇ ਹੋਰ ਵੀ ਘਾਤਕ ਹੋ ਸਕਦੇ ਹਨ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਉੱਤਰੀ ਭਾਰਤ ਵਿਚ ਪੈ ਰਹੀ ਭਿਆਨਕ ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਮੰਗਲਵਾਰ ਲੋਹੜੀ ਦੇ ਤਿਉਹਾਰ ਦਰਮਿਆਨ ਜਨ-ਜੀਵਨ ਦੀ ਰਫ਼ਤਾਰ ਨੂੰ ਬੁਰੀ ਤਰ੍ਹਾਂ ਰੋਕ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਕਈ ਹਿੱਸਿਆਂ ਵਿਚ 'ਰੈੱਡ ਅਲਰਟ' ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 48 ਘੰਟੇ ਹੋਰ ਵੀ ਘਾਤਕ ਹੋ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਇਸ ਸੀਜ਼ਨ ਵਿਚ ਪਹਿਲੀ ਵਾਰ ਪਾਰਾ ਇੰਨਾ ਹੇਠਾਂ ਡਿੱਗਿਆ ਹੈ ਕਿ ਪੰਜਾਬ ਦੇ ਕਈ ਸ਼ਹਿਰ ਪਹਾੜੀ ਸਟੇਸ਼ਨਾਂ ਨਾਲੋਂ ਵੀ ਜ਼ਿਆਦਾ ਠੰਢੇ ਹੋ ਗਏ ਹਨ।
ਤਾਪਮਾਨ ਦੇ ਹੈਰਾਨੀਜਨਕ ਅੰਕੜੇ
ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਬਠਿੰਡਾ ਵਿਚ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਹੈ। ਇਹ ਤਾਪਮਾਨ ਸ਼ਿਮਲਾ ਅਤੇ ਮਸੂਰੀ ਵਰਗੇ ਪਹਾੜੀ ਸਥਾਨਾਂ ਨਾਲੋਂ ਵੀ ਘੱਟ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 1.1 ਡਿਗਰੀ, ਫਰੀਦਕੋਟ ਵਿਚ 1.8 ਡਿਗਰੀ ਅਤੇ ਗੁਰਦਾਸਪੁਰ ਵਿਚ 2.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕਰਕੇ ਪੂਰੇ ਸੂਬੇ ਵਿਚ ਜਮਾਉਣ ਵਾਲੀ ਠੰਢ ਮਹਿਸੂਸ ਕੀਤੀ ਗਈ। ਚੰਡੀਗੜ੍ਹ ਵਿਚ ਵੀ ਪਾਰਾ 2.8 ਡਿਗਰੀ ਤੱਕ ਡਿੱਗ ਗਿਆ, ਜਿਸ ਨੇ ਪਿਛਲੇ 9 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ।
ਸਕੂਲਾਂ ਦੀਆਂ ਛੁੱਟੀਆਂ ਵਿਚ ਵੱਡਾ ਵਾਧਾ
ਵਧਦੀ ਠੰਢ ਅਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਲਿਆ ਹੈ। ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ, ਸ਼ਹਿਰ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਹੁਣ 17 ਜਨਵਰੀ 2026 ਤੱਕ ਬੰਦ ਰਹਿਣਗੇ। ਦੂਜੇ ਪਾਸੇ, ਪੰਜਾਬ ਸਰਕਾਰ ਨੇ ਫਿਲਹਾਲ 13 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ ਅਤੇ 14 ਜਨਵਰੀ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਹੈ, ਪਰ ਮੌਸਮ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਧਿਆਪਕ ਜਥੇਬੰਦੀਆਂ ਅਤੇ ਮਾਪਿਆਂ ਵੱਲੋਂ ਛੁੱਟੀਆਂ ਹੋਰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਧੁੰਦ ਅਤੇ ਆਵਾਜਾਈ 'ਤੇ ਅਸਰ
ਪੰਜਾਬ ਦੇ 9 ਜ਼ਿਲ੍ਹਿਆਂ—ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿਚ ਧੁੰਦ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਵਿਜ਼ੀਬਿਲਟੀ 0 ਤੋਂ 10 ਮੀਟਰ ਤੱਕ ਰਹਿ ਗਈ ਹੈ। ਇਸ ਕਾਰਨ ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਸੜਕਾਂ 'ਤੇ ਵਾਹਨਾਂ ਦੀ ਗਤੀ ਰੇਂਗਣ ਤੱਕ ਮਹਿਦੂਦ ਹੋ ਗਈ ਹੈ।
ਬਾਰਿਸ਼ ਦੀ ਉਮੀਦ ਅਤੇ ਸਿਹਤ ਸਲਾਹ
ਮੌਸਮ ਵਿਗਿਆਨੀਆਂ ਅਨੁਸਾਰ, 15 ਜਨਵਰੀ ਨੂੰ ਇਕ ਨਵਾਂ 'ਪੱਛਮੀ ਵਿਘਨ' ਸਰਗਰਮ ਹੋਵੇਗਾ, ਜਿਸ ਕਾਰਨ 17 ਅਤੇ 18 ਜਨਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਹ ਬਾਰਿਸ਼ 'ਸੁੱਕੀ ਠੰਢ' ਅਤੇ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਸਾਬਤ ਹੋਵੇਗੀ।
ਇਸ ਦੌਰਾਨ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਜ਼ੁਰਗਾਂ ਅਤੇ ਬੱਚਿਆਂ ਦਾ ਖ਼ਾਸ ਖਿਆਲ ਰੱਖਣ। ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਧੁੰਦ ਕਾਰਨ ਸਾਹ ਦੀਆਂ ਬਿਮਾਰੀਆਂ ਵਧ ਸਕਦੀਆਂ ਹਨ, ਇਸ ਲਈ ਬਿਨਾਂ ਜ਼ਰੂਰੀ ਕੰਮ ਦੇ ਸਵੇਰੇ-ਸ਼ਾਮ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ।