- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਾਅਲਸਾਜ਼ੀ ਢੰਗ ਨਾਲ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜਾਅਲਸਾਜ਼ੀ ਢੰਗ ਨਾਲ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿਚ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਭਾਈ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇੱਥੇ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪਿੰਡ ਸੈਣੀ ਮਾਜਰਾ ਵਿਖੇ ਇੱਕ ਬਿੱਘਾ ਛੇ ਬਿਸਵੇ ਦੇ ਕਰੀਬ ਜ਼ਮੀਨ ਮੈਨੇਜਰ ਰਾਜਿੰਦਰ ਸਿੰਘ ਨੇ ਸਕੱਤਰ ਸ੍ਰੋਮਣੀ ਕਮੇਟੀ ਦੇ ਨਾਮ ’ਤੇ ਜਾਅਲੀ ਪੱਤਰ ਤਿਆਰ ਕਰਕੇ ਵੇਚ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸਦਾ ਪਤਾ ਲੱਗਣ ਬਾਅਦ ਉਨ੍ਹਾਂ ਤੁਰੰਤ ਕਮੇਟੀ ਦੀ ਫਲਾਇੰਗ ਸਕੂਐਡ ਟੀਮ ਨੂੰ ਜਾਂਚ ਲਈ ਭੇਜਿਆ ਅਤੇ ਮੁੱਢਲੀ ਪੜਤਾਲ ਵਿਚ ਮੈਨੇਜਰ ਨੇ ਮੰਨਿਆ ਕਿ ਉਸਨੇ ਸਕੱਤਰ ਦੀ ਪ੍ਰਵਾਨਗੀ ਵਾਲਾ ਇਕ ਪੱਤਰ ਤਿਆਰ ਕੀਤਾ। ਇਹ ਜ਼ਮੀਨ ਇਕ ਕਰੋੜ 32 ਲੱਖ ਰੁਪਏ ਦੇ ਕਰੀਬ ਵੇਚ ਦਿੱਤੀ ਹੈ। ਉਨ੍ਹਾਂ ਦੱਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਹਰਜਿੰਦਰ ਕੌਰ, ਸੁਰਜੀਤ ਸਿੰਘ ਭਿੱਟੇਵਿੰਡ, ਪਰਮਜੀਤ ਸਿੰਘ ਲੱਖੇਵਾਲ ਅਤੇ ਕੁਲਵੰਤ ਸਿੰਘ ਮੰਨਣ (ਮੁੱਖ ਸਕੱਤਰ) ਦੇ ਅਧਾਰਤ ਇਕ ਕਮੇਟੀ ਗਠਿਤ ਕੀਤੀ ਹੈ। ਇਹ ਕਮੇਟੀ ਮਾਮਲੇ ਦੀ ਪੂਰੀ ਜਾਂਚ ਕਰੇਗੀ।
ਭਾਈ ਧਾਮੀ ਨੇ ਕਿਹਾ ਕਿ ਮੈਨੇਜਰ ਨੇ ਅਮਾਨਤ ਵਿਚ ਖਿਆਨਤ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਮੀਨ ਵੇਚਣ ਅਤੇ ਖ੍ਰੀਦਣ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਫੈਸਲਾ ਲਿਆ ਜਾਂਦਾ ਹੈ ਅਤੇ ਬਾਕਾਇਦਾ ਫੈਸਲਾ ਲੈਣ ਉਪਰੰਤ ਇਕ ਸਬ ਕਮੇਟੀ ਗਠਿਤ ਕੀਤੀ ਜਾਂਦੀ ਹੈ। ਕਾਰਜਕਾਰਨੀ ਵਲੋਂ ਹੀ ਜ਼ਮੀਨ, ਜਾਇਦਾਦ ਦਾ ਬੈਨਾਮਾ ਕਰਵਾਉਣ ਲਈ ਮੈਨੇਜਰ ਤੇ ਹੋਰ ਮੈਂਬਰ ਨੂੰ ਅਧਿਕਾਰ ਦਿੰਦੀ ਹੈ। ਭਾਈ ਧਾਮੀ ਨੇ ਕਿਹਾ ਕਿ ਮੈਨੇਜਰ ਨੇ ਸ਼੍ਰੋਮਣੀ ਕਮੇਟੀ ਨੂੰ ਕਲੰਕ ਲਗਾਉਣ ਦਾ ਕੰਮ ਕੀਤਾ ਹੈ। ਮੁੱਢਲੀ ਰਿਪੋਰਟ ਦੇ ਆਧਾਰ ’ਤੇ ਮੈਨੇਜਰ ਰਾਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ਵਿਚ ਲਿਆਉਣ ਲਈ ਕਮੇਟੀ ਗਠਿਤ ਕੀਤੀ ਗਈ ਹੈ। ਧਾਮੀ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੀ ਇਕ ਇੰਚ ਵੀ ਪ੍ਰਾਪਰਟੀ ਨਹੀਂ ਵੇਚੀ ਗਈ ।
ਵਰਨਣਯੋਗ ਹੈ ਕਿ ਪਿੰਡ ਸੈਣੀਮਾਜਰਾ (ਮੋਹਾਲੀ) ਵਿਖੇ ਉਕਤ ਜ਼ਮੀਨ ’ਤੇ ਕੁੱਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਮੈਨੇਜਰ ਦੁਆਰਾ ਉਕਤ ਜ਼ਮੀਨ ਵੇਚਣ ਦੀਆਂ ਖ਼ਬਰਾਂ ਨਸ਼ਰ ਹੋਈਆਂ ਸਨ।