- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਐੱਸਪੀ ਟ੍ਰੈਫਿਕ ਕਰਨੈਲ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਉਣ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਏਐੱਸਆਈ ਸੋਹਣ ਲਾਲ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜੇਐੱਸ ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਵਿਚ ਤਾਇਨਾਤ ਇਕ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ 500 ਰੁਪਏ ਲੈਂਦੇ ਹੋਏ ਬਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਪੁਲਿਸ ਲਾਈਨ ਭੇਜ ਦਿੱਤਾ ਹੈ। ਵਾਇਰਲ ਵੀਡੀਓ ਵਿਚ ਇਕ ਵਿਅਕਤੀ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ‘‘500 ਰੁਪਏ ਹਨ, ਬੱਚਾ ਸਮਝ ਕੇ ਰੱਖ ਲਓ।’
ਇਸ ਤੋਂ ਬਾਅਦ ਮੁਲਾਜ਼ਮ ਉਸ ਦੇ ਹੱਥੋਂ 500 ਰੁਪਏ ਲੈਂਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਪੈਸੇ ਦੇਣ ਵਾਲਾ ਵਿਅਕਤੀ ਚਾਲਾਨ ਨਾ ਕਰਨ ਅਤੇ ਫੋਟੋ ਮਿਟਾਉਣ ਦੀ ਗੱਲ ਵੀ ਕਰਦਾ ਸੁਣਾਈ ਦਿੰਦਾ ਹੈ। ਹਾਲਾਂਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਸਾਰੀ ਘਟਨਾ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ। ਬਾਅਦ ਵਿਚ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਵਿਭਾਗ ਹਰਕਤ ਵਿਚ ਆ ਗਿਆ।
ਡੀਐੱਸਪੀ ਟ੍ਰੈਫਿਕ ਕਰਨੈਲ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਸਾਹਮਣੇ ਆਉਣ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਏਐੱਸਆਈ ਸੋਹਣ ਲਾਲ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੈਸੇ ਦੇਣ ਵਾਲੇ ਵਿਅਕਤੀ ਨੂੰ ਵੀ ਬੁਲਾ ਕੇ ਬਿਆਨ ਦਰਜ ਕੀਤੇ ਜਾਣਗੇ ਤਾਂ ਜੋ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ।
ਵੀਡੀਓ ਕਦੋਂ ਦੀ ਹੈ, ਇਹ ਜਾਂਚ ਦਾ ਵਿਸ਼ਾ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਟ੍ਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਚਰਚਾ ਛਿੜ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੇ ਮੁਲਾਜ਼ਮਾਂ ’ਤੇ ਵੀ ਨਿਗਰਾਨੀ ਲਾਜ਼ਮੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਮੁਲਾਜ਼ਮ ਵਾਹਨ ਚਾਲਕਾਂ ਦੀਆਂ ਫੋਟੋਆਂ ਖਿੱਚ ਕੇ ਬਾਅਦ ਵਿਚ ਚਾਲਾਨ ਤੋਂ ਬਚਾਉਣ ਦੇ ਨਾਂਅ ’ਤੇ ਪੈਸੇ ਲੈਂਦੇ ਹਨ। ਉੱਧਰ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਵਿਭਾਗ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰਾਂ ਲਈ ਵੀ ਇਹ ਸਬਕ ਬਣ ਸਕੇ।