Mohali News : ਕਤਲ ਮਾਮਲੇ ’ਚ ਸ਼ੂਟਰਾਂ ਦੀ ਮਦਦ ਕਰਨ ਵਾਲੇ ਦੋ ਗ੍ਰਿਫ਼ਤਾਰ
ਉਸ ਦਿਨ ਤੋਂ ਹੀ ਪੁਲਿਸ ਕਾਤਲਾਂ ਦਾ ਪਿੱਛਾ ਕਰਦੀ ਹੋਈ ਇਨ੍ਹਾਂ ਵਿਅਕਤੀਆਂ ਤੱਕ ਪਹੁੰਚੀ ਅਤੇ ਰਾਜਸਥਾਨ ਤੇ ਫਾਜ਼ਿਲਕਾ ਪੁਲਿਸ ਦੀ ਮਦਦ ਨਾਲ ਬਲਤੇਜ ਸਿੰਘ ਉਰਫ਼ ਬੰਟੀ ਫਰੀਦਕੋਟ ਅਤੇ ਮੰਗਤ ਸਿੰਘ ਉਰਫ਼ ਮੈਕਸ ਫਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Publish Date: Wed, 04 Feb 2026 06:04 PM (IST)
Updated Date: Wed, 04 Feb 2026 06:09 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬੀਤੀ 28 ਜਨਵਰੀ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਬਾਹਰ ਪੇਸ਼ੀ ਭੁਗਤਣ ਆਏ ਇਕ ਵਿਅਕਤੀ ਗੁਰਵਿੰਦਰ ਸਿੰਘ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਹੱਤਿਆ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਗੋਲਡੀ ਬਰਾੜ ਵੱਲੋਂ ਲਈ ਗਈ ਸੀ, ਉਸ ਮਾਮਲੇ ਵਿਚ ਤੇ ਦੀ ਮਦਦ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਜ਼ਿਲ੍ਹਾ ਅਦਾਲਤ ਦੇ ਬਾਹਰ ਗੁਰਵਿੰਦਰ ਗੈਰੀ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਕਾਤਲ ਮੋਟਰਸਾਈਕਲ ’ਤੇ ਭੱਜੇ ਸਨ ਅਤੇ ਇੱਥੋਂ ਕੁਝ ਦੂਰੀ ’ਤੇ ਜਾ ਕੇ ਉਨ੍ਹਾਂ ਨੇ ਮੋਟਰਸਾਈਕਲ ਛੱਡ ਦਿੱਤਾ ਅਤੇ ਇਨ੍ਹਾਂ ਵਿਅਕਤੀਆਂ ਨੇ ਸ਼ੂਟਰਾਂ ਨੂੰ ਕਾਰ ਮੁਹੱਈਆ ਕਰਵਾਈ ਸੀ। ਉਸ ਦਿਨ ਤੋਂ ਹੀ ਪੁਲਿਸ ਕਾਤਲਾਂ ਦਾ ਪਿੱਛਾ ਕਰਦੀ ਹੋਈ ਇਨ੍ਹਾਂ ਵਿਅਕਤੀਆਂ ਤੱਕ ਪਹੁੰਚੀ ਅਤੇ ਰਾਜਸਥਾਨ ਤੇ ਫਾਜ਼ਿਲਕਾ ਪੁਲਿਸ ਦੀ ਮਦਦ ਨਾਲ ਬਲਤੇਜ ਸਿੰਘ ਉਰਫ਼ ਬੰਟੀ ਫਰੀਦਕੋਟ ਅਤੇ ਮੰਗਤ ਸਿੰਘ ਉਰਫ਼ ਮੈਕਸ ਫਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ ਕਾਰ ਬਰਾਮਦ ਕਰ ਲਈ ਹੈ। ਐੱਸਐੱਸਪੀ ਨੇ ਕਿਹਾ ਕਿ ਇਸ ਕਤਲ ਮਾਮਲੇ ਵਿਚ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਵਿੱਕੀ ਸਿੰਘ ਉਰਫ਼ ਵਿੱਕੀ ਸੱਟੇ ਵਾਲਾ ਅਤੇ ਰਵੀ ਕੁਮਾਰ ਉਰਫ਼ ਰਵੀ ਫ਼ਰੀਦਕੋਟੀਆ ਅਤੇ ਦੋ ਸ਼ੂਟਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਐੱਸਐੱਸਪੀ ਨੇ ਕਿਹਾ ਕਿ ਕਾਤਲਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।