Mohali News :ਬਜ਼ੁਰਗ ਮਹਿਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਯੂਪੀ ਤੋਂ ਗ੍ਰਿਫ਼ਤਾਰ, ਮੁਹਾਲੀ ਪੁਲਿਸ ਨੇ ਕੀਤਾ ਇਹ ਖ਼ੁਲਾਸਾ
ਮੁਹਾਲੀ ਪੁਲਿਸ ਨੇ ਸਥਾਨਕ ਫੇਜ਼-5 ਵਿਚ ਇਕ ਬਜ਼ੁਰਗ ਮਹਿਲਾ ਦੇ ਹੋਏ ਬੇਰਹਿਮੀ ਨਾਲ ਕਤਲ ਦੀ ਵਾਰਦਾਤ ਨੂੰ ਹੱਲ ਕਰਦਿਆਂ ਇਸ ਮਾਮਲੇ ਵਿਚ ਸ਼ਾਮਲ ਮੁੱਖ ਮੁਲਜ਼ਮ ਨੂੰ ਉੱਤਰ ਪ੍ਰਦੇਸ਼ (ਯੂਪੀ) ਤੋਂ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
Publish Date: Tue, 06 Jan 2026 06:59 PM (IST)
Updated Date: Tue, 06 Jan 2026 07:02 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਸਥਾਨਕ ਫੇਜ਼-5 ਵਿਚ ਇਕ ਬਜ਼ੁਰਗ ਮਹਿਲਾ ਦੇ ਹੋਏ ਬੇਰਹਿਮੀ ਨਾਲ ਕਤਲ ਦੀ ਵਾਰਦਾਤ ਨੂੰ ਹੱਲ ਕਰਦਿਆਂ ਇਸ ਮਾਮਲੇ ਵਿਚ ਸ਼ਾਮਲ ਮੁੱਖ ਮੁਲਜ਼ਮ ਨੂੰ ਉੱਤਰ ਪ੍ਰਦੇਸ਼ (ਯੂਪੀ) ਤੋਂ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਘਰ ਦੇ ਨੌਕਰ ਨੀਰਜ ਦੀ ਮਿਲੀਭੁਗਤ ਨਾਲ ਦਿੱਤੇ ਗਏ, ਇਸ ਅੰਜਾਮ ਦਾ ਪਰਦਾਫਾਸ਼ ਕਰਦਿਆਂ ਉਸਦੇ ਸਾਥੀ ਨੂੰ ਕਾਬੂ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਬੀਤੀ 29 ਦਸੰਬਰ ਦੀ ਰਾਤ ਨੂੰ ਫੇਜ਼-5 ਸਥਿਤ ਇਕ ਕੋਠੀ ਵਿਚ ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਸਮੇਂ ਸ੍ਰੀ ਗੋਇਲ ਆਪਣੀ ਬੇਟੀ ਨੂੰ ਮਿਲਣ ਲਈ ਮਸਕਟ (ਓਮਾਨ) ਗਏ ਹੋਏ ਸਨ ਅਤੇ ਘਰ ਵਿਚ ਸ੍ਰੀਮਤੀ ਗੋਇਲ ਇਕੱਲੀ ਸੀ। ਅਗਲੇ ਦਿਨ ਜਦੋਂ ਨੌਕਰਾਨੀ ਕੰਮ 'ਤੇ ਆਈ ਤਾਂ ਉਸਨੇ ਦੇਖਿਆ ਕਿ ਘਰ ਦਾ ਨੌਕਰ ਨੀਰਜ ਕੁਰਸੀ ਨਾਲ ਬੰਨ੍ਹਿਆ ਹੋਇਆ ਸੀ ਅਤੇ
ਸ੍ਰੀਮਤੀ ਗੋਇਲ ਦੀ ਲਾਸ਼ ਪਈ ਸੀ। ਮੁਲਜ਼ਮ ਘਰ ਵਿਚੋਂ ਵੱਡੀ ਮਾਤਰਾ ਵਿਚ ਨਕਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਦੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਦੇਰ ਰਾਤ ਦੋ ਸ਼ੱਕੀ ਵਿਅਕਤੀ ਘਰ ਵਿਚ ਦਾਖ਼ਲ ਹੁੰਦੇ ਦਿਖਾਈ ਦਿੱਤੇ। ਪੁਲਿਸ ਨੇ ਜਦੋਂ ਘਰ ਦੇ ਨੌਕਰ ਨੀਰਜ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਕਬੂਲਿਆ ਕਿ ਉਸਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਅਤੇ ਕਤਲ ਦੀ ਯੋਜਨਾ ਬਣਾਈ ਸੀ। ਨੀਰਜ ਵੱਲੋਂ ਮਿਲੀ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਮੁਹਾਲੀ ਪੁਲਿਸ ਦੀ ਟੀਮ ਨੇ ਯੂਪੀ ਦੇ ਫ਼ਤਹਿਪੁਰ ਵਿਚ ਛਾਪੇਮਾਰੀ ਕਰਕੇ ਰਾਹੁਲ ਨਾਮੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐੱਸਪੀ (ਸਿਟੀ) ਦਿਲਪ੍ਰੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਫ਼ਤਹਿਪੁਰ ਦੇ ਰਹਿਣ ਵਾਲੇ ਮੁਲਜ਼ਮ ਰਾਹੁਲ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਲ ਇਕ ਹੋਰ ਸਾਥੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸਨੂੰ ਫੜਨ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ।